ਨਵੀਂ ਦਿੱਲੀ: ਮੋਦੀ ਸਰਕਾਰ ‘ਚ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ‘ਤੇ ਕਿਹਾ ਕਿ ਜੇਕਰ ਕਿਸੇ ਨੂੰ ਇਸ ‘ਤੇ ਫਕਰ ਨਹੀਂ ਤਾਂ ਉਸ ਨੂੰ ਭਾਰਤੀ ਕੁਹਾਉਣ ਦਾ ਹੱਕ ਨਹੀਂ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਡਾ. ਸਿੰਘ ਨੇ ਕਿਹਾ, “ਕਾਂਗਰਸ ਨੂੰ ਜੇਕਰ ਇਸ ਬਿਆਨ ‘ਤੇ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਟਰੰਪ ਨਾਲ ਗੱਲ ਕਰਨ। ਜੇਕਰ ਪੀਐਮ ਨੂੰ ਸਨਮਾਨ ਦੇਣ ਵਾਲੇ ਸ਼ਬਦਾਂ ‘ਤੇ ਮਾਣ ਨਹੀਂ ਤੇ ਕੋਈ ਦਿੱਕਤ ਹੈ ਤਾਂ ਉਨ੍ਹਾਂ ਨੂੰ ਭਾਰਤੀ ਹੋਣ ਦਾ ਅਧਿਕਾਰ ਨਹੀਂ ਹੈ।”



ਉਨ੍ਹਾਂ ਕਿਹਾ, “ਅੱਜ ਤਕ ਕਦੇ ਅਜਿਹਾ ਨਹੀਂ ਹੋਇਆ ਕਿ ਕਿਸੇ ਦੇਸ਼ ਦੇ ਪੀਐਮ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਅਜਿਹੇ ਤਾਰੀਫ ਦੇ ਬੋਲ ਕਹੇ ਹੋਣ। ਜੋ ਭਾਰਤੀ ਅਮਰੀਕਾ ਤੇ ਵਿਦੇਸ਼ਾਂ ‘ਚ ਰਹਿ ਰਹੇ ਹਨ, ਉਨ੍ਹਾਂ ਨੂੰ ਭਾਰਤੀ ਹੋਣ ‘ਤੇ ਮਾਣ ਹੈ। ਦੁਨੀਆ ਦੇ ਦੇਸ਼ ਭਾਰਤੀ ਨਜ਼ਰੀਏ ਦਾ ਸਮੱਰਥਨ ਕਰ ਰਹੇ ਹਨ।”

ਦੱਸ ਦਈਏ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਸੱਤ ਦਿਨਾਂ ਦੇ ਦੌਰੇ ਦੌਰਾਨ 48 ਘੰਟਿਆਂ ‘ਚ ਦੂਜੀ ਵਾਰ ਮੁਲਾਕਾਤ ਕੀਤੀ। ਇਸ ਦੌਰਾਨ ਟਰੰਪ ਨੇ ਮੋਦੀ ਦੀ ਤਾਰੀਫਾਂ ਦੇ ਪੁਲ ਬੰਨ੍ਹੇ। ਟਰੰਪ ਨੇ ਕਿਹਾ ਕਿ ਪੀਐਮ ਮੋਦੀ ਨੇ ਭਾਰਤ ਨੂੰ ਇਕੱਠਾ ਕੀਤਾ ਹੈ ਤੇ ਅਸੀਂ ਉਸ ਨੂੰ ‘ਫਾਦਰ ਆਫ਼ ਇੰਡੀਆ’ ਕਹਾਂਗੇ।

ਕਾਂਗਰਸ ਦੇ ਸੀਨੀਅਰ ਨੇਤਾ ਦੇ ਬੇਟੇ ਪ੍ਰਿਆਂਕ ਖੜਗੇ ਨੇ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਬੀਜੇਪੀ ਸੰਸਦ ਮੈਂਬਰ ਤੇਜਸਵੀ ਸੂਰੀਆ ਦੇ ਟਵੀਟ ਨੂੰ ਰੀਟਵੀਟ ਕਰ ਕਿਹਾ ਕਿ ਕੀ ਹੁਣ ਅਮਰੀਕੀ ਤੈਅ ਕਰਨਗੇ ਕਿ ਰਾਸ਼ਟਰ ਪਿਤਾ ਕੌਣ ਹੈ?