ਨਵੀਂ ਦਿੱਲੀ: ਭਾਰਤੀ ਰੇਲਵੇ ਲਗਾਤਾਰ ਚੱਲਦੀ ਰੇਲ ਗੱਡੀ ਵਿੱਚ ਚੜ੍ਹਨ ਤੋਂ ਮਨਾ ਕਰਦਾ ਹੈ ਪਰ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਨਤੀਜਨ ਲੋਕ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਰੇਲ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਅਜਿਹੇ ਹੀ ਇੱਕ ਮਾਮਲੇ ਨਾਲ ਸਬੰਧਤ ਵੀਡੀਓ ਸਾਂਝੀ ਕੀਤੀ ਗਈ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ, ਇਕ ਆਦਮੀ ਅਹਿਮਦਾਬਾਦ ਸਟੇਸ਼ਨ 'ਤੇ ਦਿੱਲੀ ਜਾਣ ਵਾਲੀ ਇੱਕ ਟ੍ਰੇਨ ਨੂੰ ਫੜਨ ਲਈ ਦੌੜਦਾ ਹੋਇਆ ਦਿਖਾਈ ਦੇ ਰਿਹਾ ਹੈ, ਹਾਲਾਂਕਿ ਟ੍ਰੇਨ ਹੌਲੀ-ਹੌਲੀ ਚੱਲਦੀ ਦਿਖਾਈ ਦੇ ਰਹੀ ਹੈ। ਇਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਿਆਂ ਉਹ ਖਿਸਕ ਗਿਆ। ਇਸ ਤੋਂ ਬਾਅਦ ਇਹ ਆਦਮੀ ਰੇਲ 'ਤੇ ਲਟਕਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਸ ਤੋਂ ਬਾਅਦ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਦੋ ਜਵਾਨ ਉਸਦੀ ਮਦਦ ਲਈ ਭੱਜੇ ਤੇ ਉਸ ਨੂੰ ਰੇਲ ਤੇ ਪਲੇਟਫਾਰਮ ਦੇ ਵਿਚਕਾਰ ਡਿੱਗਣੋਂ ਬਚਾਉਣ ਵਿੱਚ ਕਾਮਯਾਬ ਹੋਏ। ਫੁਟੇਜ ਦਰਸਾਉਂਦੀ ਹੈ ਕਿ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮੇਂ ਸਿਰ ਕੋਚ ਵਿੱਚ ਧੱਕ ਦਿੱਤਾ ਤੇ ਇਕ ਘਾਤਕ ਹਾਦਸਾ ਟਲ ਗਿਆ।
ਰੇਲ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀਡੀਓ ਨੂੰ ਟਵੀਟ ਕਰਦਿਆਂ ਚੇਤਾਵਨੀ ਦਿੱਤੀ ਗਈ ਹੈ- 'ਭਾਵੇਂ ਤੁਸੀਂ ਕਿੰਨੇ ਵੀ ਫਿਟ ਤੇ ਚੁਸਤ ਹੋ... ਕਿਰਪਾ ਕਰਕੇ ਚੱਲਦੀ ਰੇਲ 'ਤੇ ਚੜ੍ਹਨ ਤੇ ਉਤਰਨ ਦੀ ਕੋਸ਼ਿਸ਼ ਨਾ ਕਰੋ।'