ਇਸਲਾਮਾਬਾਦ/ ਨਵੀਂ ਦਿੱਲੀ: ਮੰਗਲਵਾਰ ਨੂੰ ਆਏ ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨ ਮਕਬੂਜ਼ਾ ਕਸ਼ਮੀਰ ਵਿੱਚ ਹੋਇਆ ਹੈ। ਹੁਣ ਤੱਕ ਹਾਸਲ ਜਾਣਕਾਰੀ ਮੁਤਾਬਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਜ਼ਖ਼ਮੀ ਹੋਏ ਹਨ। ਮੰਗਲਵਾਰ ਬਾਅਦ ਦੁਪਹਿਰ 5.8 ਤੀਬਰਤਾ ਦੇ ਆਏ ਭੂਚਾਲ ਨੇ ਇਮਾਰਤਾਂ ਤੇ ਸੜਕਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।


ਯੂਐਸ ਜਿਓਲੋਜੀਕਲ ਸਰਵੇ ਅਨੁਸਾਰ ਇਸ ਭੂਚਾਲ ਦਾ ਕੇਂਦਰ ਬਿੰਦੂ ਮਕਬੂਜ਼ਾ ਕਸ਼ਮੀਰ ਸਥਿਤ ਨਿਊ ਮੀਰਪੁਰ ਨੇੜੇ ਸੀ। ਮੀਰਪੁਰ ਪੁਲਿਸ ਦੇ ਡੀਆਈਜੀ ਸਰਦਾਰ ਗੁਲਫ਼ਰਾਜ਼ ਖ਼ਾਨ ਮੁਤਾਬਕ ਮੀਰਪੁਰ ਤੇ ਆਸ-ਪਾਸ ਦੇ ਖੇਤਰਾਂ ਵਿੱਚ ਭੂਚਾਲ ਕਾਰਨ ਦੋ ਦਰਜਨ ਤੋਂ ਵੱਧ ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ ਸੈਂਕੜੇ ਜ਼ਖ਼ਮੀ ਹੋ ਗਏ। ਮੀਰਪੁਰ ਵਿੱਚ ਭੂਚਾਲ ਕਾਰਨ ਕਈ ਘਰ ਢਹਿ ਗਏ।

ਮਕਬੂਜ਼ਾ ਕਸ਼ਮੀਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਟੀਵੀ ਚੈਨਲਾਂ ’ਤੇ ਭੂਚਾਲ ਕਾਰਨ ਮੀਰਪੁਰ ਦੀਆਂ ਸੜਕਾਂ ’ਤੇ ਹਾਦਸਾਗ੍ਰਸਤ ਹੋਏ ਵਾਹਨ ਤੇ ਜ਼ਮੀਨ ਵਿੱਚ ਪਈਆਂ ਤਰੇੜਾਂ ਦਿਖਾਈਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਪੇਸ਼ਾਵਰ, ਰਾਵਲਪਿੰਡੀ, ਲਾਹੌਰ, ਕੋਹਾਟ, ਚਾਰਸੱਦਾ, ਕਸੂਰ, ਗੁਜਰਾਤ, ਸਿਆਲਕੋਟ, ਮੁਲਤਾਨ ਤੇ ਐਬਟਾਬਾਦ ਆਦਿ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਧਰ, ਉੱਤਰੀ ਭਾਰਤ ਦੇ ਸਰੱਹਦੀ ਖੇਤਰਾਂ ਵਿੱਚ ਵੀ ਭੂਚਾਲ ਆਇਆ। ਸੈਸਮੋਲੋਜੀ ਦੇ ਕੌਮੀ ਕੇਂਦਰ (ਐਨਸੀਐਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਭਾਰਤ ਦੇ ਜੰਮੂ ਕਸ਼ਮੀਰ ਖੇਤਰ ਵਿੱਚ ਮੰਗਲਵਾਰ ਬਾਅਦ ਦੁਪਹਿਰ ਕਰੀਬ 4:33 ਵਜੇ ਆਏ ਭੂਚਾਲ ਕਾਰਨ ਕਿਸੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਹੀ ਉੱਤਰੀ ਭਾਰਤ ਦੇ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਬਾਹਰ ਵੱਲ ਦੌੜੇ।