ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਗੱਲ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਜੰਮੂ-ਕਸ਼ਮੀਰ ਦੇ ਸਬੰਧ ਵਿੱਚ ਭਾਰਤ 'ਤੇ ਦਬਾਅ ਬਣਾਉਣ ਵਿੱਚ ਅਸਫ਼ਲ ਰਿਹਾ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਇਹ ਭਾਰਤ ਵੱਲੋਂ ਆਪਣੇ-ਆਪ ਨੂੰ ਇੱਕ ਅਰਬ ਲੋਕਾਂ ਦਾ ਬਾਜ਼ਾਰ ਦੱਸੇ ਜਾਣ ਦੀ ਅਪੀਲ ਦਾ ਨਤੀਜਾ ਹੈ। ਸੰਯੁਕਤ ਰਾਸ਼ਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਮਰਾਨ ਖਾਨ ਨੇ ਮੀਡੀਆ ਨੂੰ ਕਿਹਾ, 'ਮੈਂ ਬਿਲਕੁਲ ਸਪੱਸ਼ਟ ਕਹਿੰਦਾ ਹਾਂ ਕਿ ਮੈਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਥੋੜ੍ਹਾ ਨਿਰਾਸ਼ ਹਾਂ।'
ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਭਾਰਤ 'ਤੇ ਹਮਲਾ ਨਹੀਂ ਕਰ ਸਕਦੇ। ਸਪੱਸ਼ਟ ਹੈ ਕਿ ਇਹ ਕੋਈ ਵਿਕਲਪ ਨਹੀਂ। ਇਸ ਤੋਂ ਇਲਾਵਾ, ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।' ਖਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਦੱਸਿਆ ਕਿ ਕਸ਼ਮੀਰ ਇੱਕ ਵਿਸ਼ਾਲ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ 50 ਦਿਨਾਂ ਤੋਂ 9 ਲੱਖ ਸੈਨਿਕਾਂ ਨੇ 80 ਲੱਖ ਲੋਕਾਂ ਨੂੰ ਘੇਰਿਆ ਹੋਇਆ ਹੈ।
ਇਮਰਾਨ ਖ਼ਾਨ ਨੇ ਕਿਹਾ, 'ਭਾਰਤ ਨੇ ਇੱਕ ਸੰਚਾਰ ਬੰਦ ਕਰ ਦਿੱਤਾ ਹੈ। ਕਸ਼ਮੀਰੀ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਤੇ 5 ਅਗਸਤ ਨੂੰ ਕਸ਼ਮੀਰ ਦਾ ਵਿਸ਼ੇਸ਼ ਦਰਜ ਰੱਦ ਕਰਨ ਤੋਂ ਪਹਿਲਾਂ ਜਨਤਕ ਅੰਦੋਲਨ 'ਤੇ ਪਾਬੰਧੀ ਲਾ ਦਿੱਤੀ। ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ।' ਹਾਲਾਂਕਿ ਭਾਰਤ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਆਮ ਹੋ ਰਹੀ ਹੈ ਤੇ ਸੰਚਾਰ 'ਤੇ ਪਾਬੰਧੀਆਂ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਹਨ। ਪਿਛਲੇ ਮਹੀਨੇ ਦ ਨਿਊਯਾਰਕ ਟਾਈਮਜ਼ ਵਿੱਚ ਇੱਕ ਲੇਖ 'ਚ ਇਮਰਾਨ ਖ਼ਾਨ ਨੇ ਦੋ ਪਰਮਾਣੂ ਸ਼ਕਤੀਆਂ ਵਿਚਾਲੇ ਤਣਾਉ ਵਧਣ ਦੀ ਚੇਤਾਵਨੀ ਦਿੱਤੀ ਸੀ।