2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿੱਚ ਹਰੇਕ ਭਾਈਚਾਰਾ ਪਿਆਰ ਨਾਲ ਵੱਸ ਰਿਹਾ ਹੈ। ਅੰਕੜੇ ਮੁਤਾਬਕ ਨਿਊਜ਼ੀਲੈਂਡ ’ਚ ਯੂਰਪੀ ਮੂਲ ਦੇ ਲੋਕਾਂ ਦੀ ਗਿਣਤੀ 30 ਲੱਖ 25 ਹਜ਼ਾਰ 587 ਦੀ ਆਬਾਦੀ ਨਾਲ ਸਭ ਤੋਂ ਪਹਿਲੇ ਨੰਬਰ ’ਤੇ ਹਨ। ਦੂਜਾ ਨੰਬਰ ਸਥਾਨਕ ਮੂਲਵਾਸੀ ਮੌਰੀ ਮੂਲ ਦੇ ਲੋਕਾਂ ਦਾ ਹੈ ਜੋ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਕ 7 ਲੱਖ 77 ਹਜ਼ਾਰ 195 ਹਨ।
ਤੀਜੇ ਨੰਬਰ ’ਤੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਆਬਾਦੀ ਨਾਲ ਬਾਹਰਲੇ ਭਾਈਚਾਰੇ ਵਿੱਚੋਂ ਸਭ ਤੋਂ ਅੱਗੇ ਹਨ। ਇੱਥੇ ਭਾਰਤੀ ਮੂਲ ਦੇ ਲੋਕ ਸਮੂਹਿਕ ਤੌਰ ’ਤੇ 2 ਲੱਖ 44 ਹਜ਼ਾਰ 717 ਦੀ ਆਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਮੁਕਾਬਲੇ ਵਿੱਚ ਹਨ। ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀਲੰਕਾ, ਨੇਪਾਲ, ਭੂਟਾਨੀ ਤੇ ਅਫਗਾਨੀ ਮੂਲ ਦੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਦੱਖਣ ਏਸ਼ਿਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿੱਚ ਆਪਣੀ ਵੱਖਰੀ ਪਛਾਣ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ।
ਦੂਜੇ ਪਾਸੇ ਬਾਹਰੋਂ ਆ ਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ 40,908, ਮੁਸਲਿਮ ਧਰਮ ਦੇ ਪੈਰੋਕਾਰਾਂ ਦੀ ਗਿਣਤੀ 61,455 ਤੇ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ 1,23,534 ਤੱਕ ਪਹੁੰਚ ਗਈ ਹੈ।