ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕਰਦਿਆਂ ਨਵੇਂ 2000 ਰੁਪਏ ਦੇ ਨੋਟ ਜਾਰੀ ਕੀਤੇ ਸੀ। ਇਸ ਦਾ ਮਕਸਦ ਕਾਲੇ ਧਨ ਦਾ ਖਾਤਮਾ ਦੱਸਿਆ ਗਿਆ ਸੀ। ਨੋਟਬੰਦੀ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਮੋਦੀ ਸਰਕਾਰ ਦੀ ਵਿਸ਼ਵ ਭਰ ਵਿੱਚ ਅਲੋਚਨਾ ਹੋਈ ਸੀ। ਹੁਣ ਇਨ੍ਹਾਂ 2000 ਰੁਪਏ ਦੇ ਨੋਟਾਂ ਦੀ ਸਪਲਾਈ ਬੰਦ ਹੋ ਗਈ ਹੈ ਸਵਾਲ ਉੱਠ ਰਹੇ ਹਨ ਕਿ ਮੋਦੀ ਦੀ ਨੋਟਬੰਦੀ ਫੇਲ੍ਹ ਹੋ ਗਈ ਹੈ।
ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੀ ਸਾਲਾਨਾ ਰਿਪੋਰਟ ’ਚ ਦੱਸਿਆ ਹੈ ਕਿ ਪਿਛਲੇ ਸਾਲ ਵਾਂਗ ਵਿੱਤੀ ਵਰ੍ਹੇ 2020-21 ’ਚ 2,000 ਰੁਪਏ ਦੇ ਨਵੇਂ ਨੋਟਾਂ ਦੀ ਕੋਈ ਸਪਲਾਈ ਨਹੀਂ ਹੋਈ। ਰਿਜ਼ਰਵ ਬੈਂਕ ਨੇ ਪਿਛਲੀ ਵਾਰ 2018-19 ’ਚ 2,000 ਰੁਪਏ ਦੇ 467 ਲੱਖ ਨੋਟ ਸਪਲਾਈ ਕੀਤੇ ਸਨ। RBI ਨੇ 20 ਰੁਪਏ ਦੇ ਨੋਟਾਂ ਦੀ ਸਪਲਾਈ ਸਾਲ 2019-20 ਦੌਰਾਨ 13,390 ਲੱਖ ਤੋਂ ਵਧਾ ਕੇ 2020-21 ’ਚ 38,250 ਲੱਖ ਨੋਟ ਕਰ ਦਿੱਤੀ ਹੈ।
ਮੁੱਲ ਦੇ ਹਿਸਾਬ ਨਾਲ ਪ੍ਰਚਲਣ ’ਚ ਮੌਜੂਦ ਨੋਟਾਂ ਵਿੱਚ 500 ਅਤੇ 2,000 ਰੁਪਏ ਦੇ ਨੋਟਾਂ ਦਾ ਹਿੱਸਾ 85.7 ਫ਼ੀ ਸਦੀ ਹੈ। ਮਾਤਰਾ ਦੇ ਹਿਸਾਬ ਨਾਲ 31 ਮਾਰਚ, 2021 ਤੱਕ ਪ੍ਰਚਲਣ ਵਿੱਚ ਮੌਜੂਦ ਨੋਟਾਂ ਵਿੱਚ 500 ਰੁਪਏ ਦੇ ਨੋਟ ਦਾ ਹਿੱਸਾ ਸਭ ਤੋਂ ਵੱਧ 31.1 ਫ਼ੀਸਦੀ ਸੀ। ਉਸ ਤੋਂ ਬਾਅਦ 10 ਰੁਪਏ ਦੇ ਨੋਟ ਦਾ ਨੰਬਰ ਆਉਂਦਾ ਹੈ। ਇਸ ਦਾ ਹਿੱਸਾ 23.6 ਫ਼ੀ ਸਦੀ ਸੀ। ਰਿਪੋਰਟ ਅਨੁਸਾਰ 2020-21 ਦੌਰਾਨ ਬੈਂਕ ਨੋਟਾਂ ਲਈ ਆਰਡਰ ਇੱਕ ਸਾਲ ਪਹਿਲਾਂ ਦੇ ਮੁਕਾਬਲੇ 9.7 ਫ਼ੀਸਦੀ ਘੱਟ ਰਹੇ। ਸਪਲਾਈ ਵੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ 0.3 ਫ਼ੀ ਸਦੀ ਘੱਟ ਰਹੀ।
ਰਿਜ਼ਰਵ ਬੈਂਕ ਨੇ ਆਪਣਾ ਵਿੱਤੀ ਸਾਲ ਪਹਿਲਾਂ ਦੇ ਜੁਲਾਈ-ਜੂਨ ਤੋਂ ਬਦਲ ਕੇ ਅਪ੍ਰੈਲ-ਮਾਰਚ ਕਰ ਦਿੱਤਾ ਹੈ। ਮੌਜੂਦਾ ਸਾਲਾਨਾ ਰਿਪੋਰਟ 2020 ਤੋਂ ਮਾਰਚ 2021 ਦੇ ਨੌਂ ਮਹੀਨਿਆਂ ਦੇ ਸਮੇਂ ਲਈ ਜਾਰੀ ਕੀਤੀ ਗਈ ਹੈ। ਰਿਪੋਰਟ ਅਨੁਸਾਰ 31 ਮਾਰਚ, 2021 ਤੱਕ ਪ੍ਰਚਲਣ ’ਚ ਮੌਜੂਦ ਕੁੱਲ ਬੈਂਕ ਨੋਟਾਂ ਵਿੱਚ 500 ਰੁਪਏ ਤੇ 2,000 ਰੁਪਏ ਦੇ ਨੋਟਾਂ ਦਾ ਹਿੱਸਾ 85.7 ਫ਼ੀਸਦੀ ਸੀ। 31 ਮਾਰਚ, 2020 ਦੇ ਅੰਤ ਤੱਕ ਇਹ ਅੰਕੜਾ 83.4 ਫ਼ੀਸਦੀ ਸੀ।
ਕੇਂਦਰੀ ਬੈਂਕ ਦੀ 2020–21 ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ 2020-21 ’ਚ ਕੋਵਿਡ-19 ਮਹਾਮਾਰੀ ਕਾਰਨ ਲੋਕਾਂ ਨੇ ਅਹਿਤਿਆਤ ਵਜੋਂ ਨਕਦੀ ਨੂੰ ਆਪਣੇ ਕੋਲ ਰੋਕ ਕੇ ਰੱਖਿਆ; ਜਿਸ ਕਰਕੇ ਨੋਟਾਂ ਵਿੱਚ ਔਸਤ ਤੋਂ ਜ਼ਿਆਦਾ ਵਾਧਾ ਹੋਇਆ।
ਦੱਸ ਦੇਈਏ ਕਿ ਪ੍ਰਚਲਣ ਵਿੱਚ ਮੌਜੂਦਾ ਕਰੰਸੀ ’ਚ ਨੋਟ ਤੇ ਸਿੱਕੇ ਆਉਂਦੇ ਹਨ। ਹਾਲੇ ਰਿਜ਼ਰਵ ਬੈਂਕ 2, 5, 10, 20, 50, 100, 200, 500 ਅਤੇ 2,000 ਰੁਪਏ ਦੇ ਨੋਟ ਜਾਰੀ ਕਰਦਾ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ 50 ਪੈਸੇ, 1, 2, 5, 10 ਤੇ 20 ਰੁਪਏ ਦੇ ਸਿੱਕੇ ਵੀ ਜਾਰੀ ਕਰਦਾ ਹੈ।