ਦੇਸ਼ 'ਚ ਕੋਰੋਨਾ ਕਹਿਰ ਤੇ ਕਾਬੂ ਪਾਉਣ ਦਾ ਇਕਲੌਤਾ ਉਪਾਅ ਵੈਕਸੀਨੇਸ਼ਨ ਅਭਿਆਨ ਤੇਜ਼ ਕਰਨਾ ਹੈ। ਇਸ ਲਈ ਦੇਸ਼ 'ਚ ਰੂਸੀ ਵੈਕਸੀਨ ਸਪੂਤਨਿਕ ਨੂੰ ਭਾਰਤ 'ਚ ਐਮਰਜੈਂਸੀ ਇਸਤੇਮਾਲ ਦੀ ਮਨਜੂਰੀ ਮਿਲ ਗਈ ਹੈ। ਭਾਰਤ ਦੀ ਡਾ. ਰੈਡੀ ਲੈਬੋਰਟਰੀ ਕੰਪਨੀ ਨੇ ਰੂਸੀ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਜਾਣੇ-ਮਾਣੇ ਹਸਪਤਾਲ ਸਮੂਹ ਨੇ ਐਲਾਨ ਕੀਤਾ ਹੈ ਕਿ ਜੂਨ ਦੇ ਦੂਜੇ ਹਫਤੇ ਤੋਂ ਉਹ ਆਪਣੇ ਹਸਪਤਾਲਾਂ 'ਚ ਲੋਕਾਂ ਲਈ ਰੂਸੀ ਵੈਕਸੀਨ ਸਪੂਤਨਿਕ ਦੀ ਖੁਰਾਕ ਲਾਉਣੀ ਸ਼ੁਰੂ ਕਰ ਦੇਣਗੇ।


ਕੰਪਨੀ ਦੀ ਐਗਜ਼ੀਕਿਊਟਿਵ ਵਾਈਸ ਚੇਅਰਪਰਸਨ ਸ਼ੋਭਨਾ ਕਮਿਨੇਨੀ ਨੇ ਕਿਹਾ ਹੈ ਸਾਡੇ ਹਸਪਤਾਲਾਂ 'ਚ ਹੁਣ ਤਕ ਵੈਕਸੀਨ ਦੀ 10 ਲੱਖ ਤੋਂ ਜ਼ਿਆਦਾ ਡੋਜ਼ ਲਾਈ ਗਈ ਹੈ। ਇਨ੍ਹਾਂ 'ਚ ਫਰੰਟਲਾਈਨ ਵਰਕਰਸ, ਹਾਈ ਰਿਸਕ ਗਰੁੱਪ ਤੇ ਕਾਰਪੋਰੇਟ ਕਰਮਚਾਰੀਆਂ ਨੂੰ ਪਹਿਲ ਦਿੱਤੀ ਗਈ ਹੈ। ਹੁਣ ਅਸੀਂ ਸਾਰਿਆਂ ਨੂੰ ਵੈਕਸੀਨ ਲਾਵਾਂਗੇ।


2 ਕਰੋੜ ਵੈਕਸੀਨ ਲਾਉਣ ਦੀ ਯੋਜਨਾ


ਰੂਸੀ ਵੈਕਸੀਨ ਸਪੂਤਨਿਕ-V ਜੂਨ ਦੇ ਦੂਜੇ ਹਫਤੇ ਤੋਂ ਦੇਸ਼ਭਰ ਦੇ ਅਪੋਲੋ ਹਸਪਤਾਲਾਂ 'ਚ ਮਿਲਣ ਲੱਗੇਗੀ। ਇਸ ਗੱਲ ਦੀ ਜਾਣਕਾਰੀ ਅਪੋਲੋ ਗਰੁੱਪ ਨੇ ਦਿੱਤੀ ਹੈ। ਕੰਪਨੀ ਦੀ ਐਗਜ਼ੀਕਿਊਟਿਵ ਵਾਈਸ ਚੇਅਰਪਰਸਨ ਸ਼ੋਭਨਾ ਕਮਿਨੇਨੀ ਨੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਤੇਜ਼ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਜੂਨ ਤੋਂ 10 ਲੱਖ ਵੈਕਸੀਨ ਦੀ ਡੋਜ਼ ਹਰ ਹਫਤੇ ਦੇਵਾਂਗੇ। ਇਸ ਤੋਂ ਬਾਅਦ ਜੁਲਾਈ ਤੋਂ ਡੋਜ਼ ਦੀ ਸੰਖਿਆਂ ਦੁੱਗਣੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸਸਾਲ ਸਤੰਬਰ ਤਕ ਅਸੀਂ ਦੋ ਕਰੋੜ ਵੈਕਸੀਨ ਦੀ ਡੋਜ਼ ਲਾਉਣ ਦੀ ਯੋਜਨਾ ਬਣਾ ਰਹੇ ਹਾਂ।


ਭਾਰਤ 'ਚ ਹੋਵੇਗਾ ਸਪੂਤਨਿਕ ਦਾ ਉਤਪਾਦਨ


ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਵੈਕਸੀਨੇਟਰ ਅਪੋਲੋ ਗਰੁੱਪ ਦਾ ਕਹਿਣਾ ਹੈ ਕਿ ਉਹ ਵੈਕਸੀਨੇਸ਼ਨ ਪ੍ਰੋਗਰਾਮ 'ਚ ਕੇਂਦਰ ਤੇ ਸੂਬਾ ਸਰਕਾਰ ਦਾ ਸਹਿਯੋਗ ਕਰਦਾ ਰਹੇਗਾ। ਸ਼ੋਭਨਾ ਕਮਿਨੇਨੀ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਇਲਾਵਾ ਕੋਵੈਕਸੀਨ ਤੇ ਕੋਵਿਸ਼ੀਲਡ ਦੇ ਉਤਪਾਦਕਾਂ ਨੂੰ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ। ਭਾਰਤ 'ਚ ਸਪੂਤਨਿਕ-V ਵੈਕਸੀਨ ਦਾ ਟ੍ਰਾਇਲ ਫਾਰਮਾ ਕੰਪਨੀ ਡਾ.ਰੈਡੀ ਨੇ ਕੀਤਾ ਹੈ। ਪਹਿਲੀ ਮਈ ਤੋਂ ਇਸ ਵੈਕਸੀਨ ਨੂੰ ਕੋਵੈਕਸੀਨ ਪ੍ਰੋਗਰਾਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਵੈਕਸੀਨ ਦਾ ਭਾਰਤ 'ਚ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾਣਾ ਹੈ।


ਪੈਨੇਸਿਆ ਬਾਇਓਟਿਕ ਨੇ ਵੀ ਸ਼ੁਰੂ ਕੀਤਾ ਉਤਪਾਦਨ


ਹਾਲ ਹੀ 'ਚ ਜਾਣਕਾਰੀ ਆਈ ਸੀ ਕਿ ਇਕ ਹੋਰ ਕੰਪਨੀ ਪੈਨੇਸਿਆ ਬਾਇਓਟੈਕ ਨੇ ਵੀ ਇਸ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। 24 ਮਈ ਨੂੰ ਆਏ ਇਕ ਸੰਯੁਕਤ ਬਿਆਨ 'ਚ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਤੇ ਭਾਰਤੀ ਦਵਾਈ ਉਤਪਾਦਕ ਕੰਪਨੀ ਪੈਨੇਸਿਆ ਬਾਇਓਟੈਕ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਬਿਆਨ 'ਚ ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਗਰਮੀਆਂ 'ਚ ਹੀ ਇਸ ਵੈਕਸੀਨ ਦਾ ਫੁੱਲ ਸਕੇਲ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗਾ। ਪੈਨੇਸਿਆ ਬਾਇਓਟੈਕ ਦੀਆਂ ਉਤਪਾਦਨ ਇਕਾਈਆਂ ਜੀਐਮਪੀ ਮਾਪਦੰਡਾਂ ਦਾ ਪਾਲਣ ਕਰਦੀ ਹੈ ਤੇ ਉਸ ਨੂੰ WHO ਦੀ ਮਨਜੂਰੀ ਪ੍ਰਾਪਤ ਹੈ।