ਨਵੀਂ ਦਿੱਲੀ: ਦੇਸ਼ ‘ਚ ਇਸ ਸਮੇਂ ਵੱਖ-ਵੱਖ ਤਰ੍ਹਾਂ ਦੇ ਜਿੰਨੇ ਵੀ ਸਿੱਕੇ ਚੱਲ ਰਹੇ ਹਨ, ਉਹ ਪੂਰੀ ਤਰ੍ਹਾਂ ਅਸਲੀ ਹਨ। ਬੁੱਧਵਾਰ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੇਸ਼ ‘ਚ ਲੰਬੇ ਸਮੇਂ ਤੋਂ ਵੱਖ-ਵੱਖ ਡਿਜ਼ਾਇਨ ਦੇ ਸਿੱਕਿਆਂ ਨੂੰ ਲੈ ਕੇ ਗਲਤਫਹਿਮੀ ਬਣੀ ਹੋਈ ਹੈ। ਲੋਕ ਕੁਝ ਸਿੱਕਿਆਂ ਨੂੰ ਅਸਲੀ ਮੰਨ ਰਹੇ ਹਨ ਤੇ ਕੁਝ ਨੂੰ ਨਕਲੀ। ਹੁਣ ਆਰਬੀਆਈ ਨੇ ਸਭ ਦੇ ਸ਼ੱਕ ਖ਼ਤਮ ਕਰ ਦਿੱਤੇ ਹਨ।

ਆਰਬੀਆਈ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਦੇ ਇਨ੍ਹਾਂ ਸਿੱਕਿਆਂ ਨੂੰ ਕਬੂਲ ਕਰਨਾ ਚਾਹੀਦਾ ਹੈ। ਸਮੇਂ-ਸਮੇਂ ‘ਤੇ ਚੱਲਣ ਵਾਲੇ ਸਿੱਕਿਆਂ ਦੀਆਂ ਵੱਖ-ਵੱਖ ਖਾਸੀਅਤਾਂ ਹੁੰਦੀਆਂ ਹਨ। ਇਹ ਵੱਖ-ਵੱਖ ਵਿਚਾਰਾਂ ਤੇ ਸੰਸਕ੍ਰਿਤੀਆਂ ਤੋਂ ਪ੍ਰੇਰਤ ਹੁੰਦੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਸਿੱਕੇ ਵੱਖ-ਵੱਖ ਡਿਜ਼ਾਇਨ ਤੇ ਸਾਈਜ਼ ਦੇ ਜਾਰੀ ਕੀਤੇ ਜਾਂਦੇ ਹਨ। ਇਹ ਲੰਬੇ ਸਮੇਂ ‘ਚ ਚਲਣ ‘ਚ ਬਣੇ ਰਹਿੰਦੇ ਹਨ।

ਬੈਂਕ ਸ਼ਾਖਾਵਾਂ ਵੱਲੋਂ ਸਿੱਕਿਆਂ ਨੂੰ ਸਵੀਕਾਰ ਨਹੀਂ ਕਰਨ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਰਬੀਆਈ ਵੱਲੋਂ ਬੈਂਕਾਂ ਨੂੰ ਕਿਹਾ ਗਿਆ, “ਤੁਹਾਨੂੰ ਫੇਰ ਤੋਂ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਸਾਰੀਆਂ ਬ੍ਰਾਂਚਾਂ ਨੂੰ ਹਰ ਤਰ੍ਹਾਂ ਦੇ ਸਿੱਕੇ ਸਵੀਕਾਰ ਕਰਨ ਤੇ ਉਨ੍ਹਾਂ ਨੂੰ ਬਦਲਣ ਦੀ ਸਲਾਹ ਦੇਵੋ।" ਇਸ ਸਮੇਂ ਦੇਸ਼ ‘ਚ 50 ਪੈਸੇ, 1 ਰੁਪਏ, 2 ਰੁਪਏ, 5 ਤੇ 10 ਰੁਪਏ ਦੇ ਸਿੱਕੇ ਚੱਲ ਰਹੇ ਹਨ।