ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਪੁਰਾਣੀ ਕਰੰਸੀ ਨੂੰ ਬਦਲਣ ਦਾ ਸ਼ੁਰੂ ਹੋਇਆ ਸਿਲਸਿਲਾ ਹਾਲੇ ਤਕ ਜਾਰੀ ਹੈ। ਇਸ ਤਹਿਤ ਪਹਿਲਾਂ 10, 50, 100, 200, 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਹੋਏ ਅਤੇ ਹੁਣ 20 ਰੁਪਏ ਦੀ ਕੀਮਤ ਦਾ ਨਵਾਂ ਨੋਟ ਜਾਰੀ ਹੋਣ ਵਾਲਾ ਹੈ। ਜੀ ਹਾਂ, ਸਰਕਾਰ ਨੇ 20 ਰੁਪਏ ਦੇ ਨੋਟ ਨੂੰ ਵੀ ਨਵਾਂ ਰੂਪ ਦੇਣ ਦਾ ਫੈਸਲਾ ਕਰ ਲਿਆ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਵੈੱਬਸਾਈਟ ‘ਤੇ ਨਵੇਂ ਨੋਟ ਦੇ ਫੀਚਰਸ ਜਨਤਕ ਕੀਤੇ ਹਨ।

ਆਰਬੀਆਈ ਨੇ ਜਲਦੀ ਹੀ 20 ਰੁਪਏ ਦਾ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਨੋਟ ‘ਚ ਉਰਜਿਤ ਪਟੇਲ ਦੀ ਥਾਂ ਆਏ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ। ਬੈਂਕ ਨੇ ਇਹ ਵੀ ਸਾਫ਼ ਕੀਤਾ ਹੈ ਕਿ ਇਸ ਦੇ ਨਾਲ-ਨਾਲ ਪੁਰਾਣੇ 20 ਦੇ ਨੋਟ ਵੀ ਬਾਜ਼ਾਰ ‘ਚ ਚੱਲਦੇ ਰਹਿਣਗੇ।



ਨਵੇਂ ਨੋਟ ਦਾ ਆਕਾਰ 63mmx129mm ਹੋਵੇਗਾ। ਬਾਕੀ ਸਾਰੇ ਫੀਚਰਜ਼ ਪੁਰਾਣੇ ਹੀ ਹੋਣਗੇ। ਆਰਬੀਆਈ ਵੱਲੋਂ ਜਾਰੀ ਬਿਆਨ ‘ਚ ਕਿਹਾ ਹੈ ਕਿ 20 ਰੁਪਏ ਦਾ ਨਵਾਂ ਨੋਟ ਥੋੜ੍ਹਾ ਹਰਾ ਤੇ ਪੀਲੇ ਰੰਗ ਦਾ ਹੋਵੇਗਾ। ਇਸ ਦੇ ਪਿੱਛੇ ਪਾਸੇ ਦੇਸ਼ ਦੀ ਵਿਰਾਸਤ ਨੂੰ ਦਰਸ਼ਾਉਣ ਲਈ ਅਲੋਰਾ ਦੀ ਗੁਫਾਵਾਂ ਦਾ ਚਿੱਤਰ ਛਾਪਿਆ ਗਿਆ ਹੈ।



ਇਸ ਦੇ ਨਾਲ ਹੀ ਆਰਬੀਆਈ ਦੇ ਅੰਕੜਿਆਂ ਮੁਤਾਬਕ 31 ਮਾਰਚ 2016 ਤਕ 20 ਰੁਪਏ ਦੇ ਨੋਟਾਂ ਦੀ ਗਿਣਤੀ 4.92 ਅਰਬ ਸੀ, ਜੋ ਮਾਰਚ 2018 ਤਕ 10 ਅਰਬ ਹੋ ਗਈ, ਇਹ ਬਾਜ਼ਾਰ ‘ਚ ਮੌਜੂਦ ਕੁੱਲ ਨੋਟਾਂ ਦੀ ਗਿਣਤੀ ਦਾ 9.8 ਫੀਸਦ ਹੈ।