ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਨੇ ਆਨਲਾਈਨ ਫਰਨੀਚਰ ਰਿਟੇਲਰ ਅਰਬਨ ਲੈਡਰ ਤੋਂ $1821.2 ਮਿਲੀਅਨ($24.4 ਮਿਲੀਅਨ) ਜਾਂ 182.12 ਕਰੋੜ ਰੁਪਏ ਵਿੱਚ 96 ਪ੍ਰਤੀਸ਼ਤ ਹਿੱਸੇਦਾਰੀ ਖ਼ਰੀਦ ਕੇ ਭਾਰਤ ਦੇ ਆਨਲਾਈਨ ਰਿਟੇਲ ਬਾਜ਼ਾਰ ਵਿੱਚ ਆਪਣਾ ਵਿਸਥਾਰ ਕਰਨ ਦੀ ਕੋਸ਼ਿਸ਼ ਨੂੰ ਅੱਗੇ ਵਧਾਇਆ ਹੈ। ਕੰਪਨੀ ਨੇ ਇਹ ਜਾਣਕਾਰੀ ਐਤਵਾਰ, 15 ਨਵੰਬਰ ਨੂੰ ਦਿੱਤੀ ਹੈ। ਉੱਥੇ ਹੀ ਰਿਲਾਇੰਸ ਦੇ ਕੋਲ ਬਾਕੀ ਬਚੇ ਇਕਵਿਟੀ ਸ਼ੇਅਰ ਖ਼ਰੀਦਣ ਦਾ ਵੀ ਆਪਸ਼ਨ ਹੈ। ਅਜਿਹਾ ਹੋਣ ਤੋਂ ਬਾਅਦ ਕੰਪਨੀ ਨੂੰ ਅਰਬਨ ਲੈਡਰ ਦੀ 100 ਪ੍ਰਤੀਸ਼ਤ ਸ਼ੇਅਰ ਹੋਲਡਿੰਗ ਵੀ ਮਿਲ ਜਾਏਗੀ।


ਨਿਵੇਸ਼ ਪ੍ਰਕਿਰਿਆ ਪੂਰਾ ਹੋਣ ਵਿਚ ਲੱਗੇਗਾ ਦਸੰਬਰ 2023 ਤੱਕ ਦਾ ਸਮਾਂ
ਜਾਣਕਾਰੀ ਅਨੁਸਾਰ ਰਿਲਾਇੰਸ ਵੈਂਚਰਜ਼ ਲਿਮਟਿਡ ਇਸ ਸਮੇਂ ਅਰਬਨ ਲੈਡਰ ਵਿਚ 75 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਦਸੰਬਰ 2023 ਤੱਕ ਨਿਵੇਸ਼ ਪ੍ਰਕਿਰਿਆ ਪੂਰੀ ਹੋ ਜਾਵੇਗੀ। ਧਿਆਨਯੋਗ ਹੈ ਕਿ 17 ਫਰਵਰੀ 2012 ਨੂੰ, ਭਾਰਤ ਵਿੱਚ ਅਰਬਨ ਲੈਡਰ ਦੀ ਸ਼ੁਰੂਆਤ ਕੀਤੀ ਗਈ ਸੀ। ਸਟਾਰਟਅਪ ਕੰਪਨੀ ਅੱਠ ਸਾਲ ਪੁਰਾਣੀ ਹੈ ਅਤੇ ਡਿਜੀਟਲ ਪਲੇਟਫਾਰਮ 'ਤੇ ਘਰੇਲੂ ਫਰਨੀਚਰ ਤੇ ਸਜਾਵਟ ਦੇ ਉਤਪਾਦਾਂ ਨੂੰ ਵੇਚਦੀ ਹੈ। ਸਿਰਫ ਇੰਨਾ ਹੀ ਨਹੀਂ, ਭਾਰਤ ਦੇ ਕਈ ਸ਼ਹਿਰਾਂ ਵਿੱਚ ਅਰਬਲ ਲੈਡਰ ਦੇ ਰਿਟੇਲ ਸਟੋਰਾਂ ਦੀ ਚੇਨ ਵੀ ਹੈ। ਸਾਲ 2018 ਵਿਚ ਆਨਲਾਈਨ ਫਰਨੀਚਰ ਰਿਟੇਲ ਦੀ ਕੀਮਤ 1200 ਕਰੋੜ ਸੀ ਪਰ 2019 ਵਿਚ ਇਹ ਘਟ ਕੇ 750 ਕਰੋੜ ਹੋ ਗਈ।

ਰਿਲਾਇੰਸ ਇੰਡਸਟਰੀ ਡਿਜੀਟਲ ਪਲੇਟਫਾਰਮ ਤੇ ਛਾਉਣ ਲਈ ਵੀ ਹੈ ਬੇਕਰਾਰ
ਰਿਲਾਇੰਸ ਰਿਟੇਲ ਅਨੁਸਾਰ, ਅਰਬਨ ਲੈਡਰ ਨਾਲ ਸਮਝੌਤਾ, ਕੰਪਨੀ ਨੂੰ ਡਿਜੀਟਲ ਤੇ ਨਵੀਂਆਂ ਵਪਾਰਕ ਪਹਿਲਕਦਮੀਆਂ ਨੂੰ ਸਮਰੱਥ ਬਣਾਉਣ ਵਿੱਚ ਸਹਾਇਤਾ ਕਰੇਗਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਪਿਛਲੇ ਲੰਬੇ ਸਮੇਂ ਤੋਂ ਡਿਜੀਟਲ ਪਲੇਟਫਾਰਮ 'ਤੇ ਆਪਣੀ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।