ਨਵੀਂ ਦਿੱਲੀ: ਦੇਸ਼ ਭਰ ਵਿੱਚ ਕਰੋਨਾ ਕੇਸਾਂ ਵਿੱਚ ਭਾਰੀ ਕਮੀ ਮਗਰੋਂ ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੁਲਕ ’ਚ ਕਰੋਨਾ ਦੀ ਦੂਜੀ ਲਹਿਰ ਨੂੰ ਮੋੜਾ ਪੈਣ ਦੇ ਸੰਕੇਤ ਮਿਲੇ ਹਨ। ਪਿਛਲੇ ਚੌਵੀ ਘੰਟਿਆਂ ਵਿੱਚ 1,86,364 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਪਿਛਲੇ 44 ਦਿਨਾਂ ਵਿੱਚ ਸਭ ਤੋਂ ਘੱਟ ਹਨ।
ਸਰਕਾਰ ਲਈ ਫਿਕਰ ਦੀ ਗੱਲ ਇਹ ਹੈ ਕਿ ਦੇਸ਼ ਵਿੱਚ ਬੀਤੇ ਦਿਨ ਮੌਤਾਂ ਦੀ ਗਿਣਤੀ ਨਹੀਂ ਘਟ ਰਹੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਰੋਨਾ ਦੇ ਕੇਸ ਭਾਵੇਂ ਘੱਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ।
ਦੇਸ਼ ਵਿੱਚ ਇਸ ਵੇਲੇ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2,73,69,093 ਹੋ ਗਈ ਹੈ। ਦੇਸ਼ ’ਚ ਰਿਕਵਰੀ ਦਰ 90.01 ਫ਼ੀਸਦ ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਦੀ ਗਿਣਤੀ ਵਧ ਕੇ 3,15,235 ਹੋ ਗਈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 20 ਦਿਨਾਂ ’ਚ ਕਰੋਨਾ ਦੇ ਨਵੇਂ ਕੇਸਾਂ ’ਚ ਲਗਾਤਾਰ ਗਿਰਾਵਟ ਦਰਜ ਹੋਈ ਹੈ। ਪਿਛਲੇ ਇੱਕ ਹਫ਼ਤੇ ਤੋਂ 24 ਸੂਬਿਆਂ ’ਚ ਸਰਗਰਮ ਕੇਸ ਘਟੇ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਜਦੋਂ ਪਾਬੰਦੀਆਂ ’ਚ ਰਾਹਤ ਦਿੱਤੀ ਜਾਵੇਗੀ ਤਾਂ ਕੋਵਿਡ-19 ਦੀ ਦੂਜੀ ਲਹਿਰ ’ਚ ਹੋਰ ਨਿਘਾਰ ਆਵੇਗਾ।
ਕੇਂਦਰ ਨੇ ਨਿਊਯਾਰਕ ਟਾਈਮਜ਼ ਦੀ ਕੋਵਿਡ-19 ਕਾਰਨ ਭਾਰਤ ’ਚ ਅੰਦਾਜ਼ਨ ਮੌਤਾਂ ਬਾਰੇ ਦਿੱਤੀ ਗਈ ਰਿਪੋਰਟ ਨੂੰ ‘ਬਿਲਕੁਲ ਆਧਾਰਹੀਣ ਤੇ ਝੂਠਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਕਿਸੇ ਪ੍ਰਮਾਣ ’ਤੇ ਨਹੀਂ ਸਗੋਂ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅੰਦਾਜ਼ਿਆਂ ’ਤੇ ਆਧਾਰਤ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ ਕਾਰਨ ਭਾਰਤ ’ਚ ਅੰਦਾਜ਼ਨ 6 ਲੱਖ ਮੌਤਾਂ ਹੋ ਸਕਦੀਆਂ ਹਨ ਪਰ ਜੇਕਰ ਮੌਜੂਦਾ ਹਾਲਾਤ ਦੇਖੀਏ ਤਾਂ ਅੰਦਾਜ਼ਨ 16 ਲੱਖ ਮੌਤਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਜੇਕਰ ਹਾਲਾਤ ਹੋਰ ਵਿਗੜੇ ਤਾਂ 42 ਲੱਖ ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ।
ਇਸ ਰਿਪੋਰਟ ਨੂੰ ਨਕਾਰਦਿਆਂ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਇਹ ਕਿਸੇ ਤੱਥ ’ਤੇ ਆਧਾਰਿਤ ਅੰਕੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਹਰ ਕੇਸ ਤੇ ਮੌਤਾਂ ਦਾ ਹਵਾਲਾ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਵੇ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ ਨੇ ਕਿਹਾ ਕਿ ਰਿਪੋਰਟ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅੰਦਾਜ਼ੇ ’ਤੇ ਆਧਾਰਤ ਹੈ।