ਸ਼੍ਰੀਨਗਰ: ਐਤਵਾਰ ਵਾਲੇ ਦਿਨ ਘਾਟੀ ਵਿੱਚ ਮੁੜ ਤੋਂ ਰੋਕਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਜੰਮੂ ਤੇ ਕਸ਼ਮੀਰ ਵਿੱਚ ਘਟਾਈ ਸਖ਼ਤੀ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਸਨ। ਇਸ ਦੇ ਨਾਲ ਹੀ ਸਾਊਦੀ ਅਰਬ ਤੋਂ ਹੱਜ ਯਾਤਰਾ ਕਰਕੇ ਪਹਿਲੇ ਗੇੜ ਦੇ ਯਾਤਰੀ ਵੀ ਵਾਪਸ ਪਰਤੇ ਹਨ। ਅਜਿਹੇ ਵਿੱਚ ਕੇਂਦਰ ਸਰਕਾਰ ਨੇ ਕਸ਼ਮੀਰ ਵਿੱਚ ਮੁੜ ਤੋਂ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਮੁਤਾਬਕ 300 ਹੱਜ ਯਾਤਰੀ ਸ਼੍ਰੀਨਗਰ ਹਵਾਈ ਅੱਡੇ 'ਤੇ ਉੱਤਰੇ ਹਨ। ਉਨ੍ਹਾਂ ਨੂੰ ਘਰੋ-ਘਰੀ ਛੱਡਣ ਲਈ ਸਰਕਾਰ ਨੇ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਹੋਏ ਸਨ। ਇਸ ਦੌਰਾਨ ਹਿੰਸਕ ਝੜਪਾਂ ਦੀਆਂ ਖ਼ਬਰਾਂ ਆਉਂਦੇ ਹੀ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਮੁੜ ਤੋਂ ਸਖ਼ਤੀ ਲਾਗੂ ਕਰ ਦਿੱਤੀ ਗਈ ਹੈ।

ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਘਾਟੀ ਦੇ 35 ਥਾਣਾ ਖੇਤਰਾਂ ਵਿੱਚ ਕੁਝ ਢਿੱਲ ਦਿੱਤੀ ਗਈ ਸੀ ਪਰ ਕਈ ਥਾਵਾਂ 'ਤੇ ਨੌਜਵਾਨਾਂ ਦੇ ਗੁੱਟਾਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਮੁੜ ਤੋਂ ਰੋਕਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਕਾਂਸਲ ਨੇ ਦੱਸਿਆ ਕਿ ਇਨ੍ਹਾਂ ਝੜਪਾਂ ਦੌਰਾਨ ਕਿੰਨੇ ਜਣੇ ਜ਼ਖ਼ਮੀ ਹੋਏ, ਇਹ ਕਹਿਣਾ ਮੁਸ਼ਕਲ ਹੈ। ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਬੇਅਸਰ ਕਰਨ ਮਗਰੋਂ ਹਾਲਾਤ ਤਣਾਅਪੂਰਨ ਬਣੇ ਹੋਏ ਹਨ।