ਨਵੀਂ ਦਿੱਲੀ: ਬੇਨਾਮੀ ਜਾਇਦਾਦ ਉਤੇ ਨਕੇਲ ਕੱਸਣ ਲਈ ਆਮਦਨ ਕਰ ਵਿਭਾਗ ਨੇ ਵੱਡਾ ਕਦਮ ਚੁੱਕਿਆ ਹੈ। ਆਮਦਨ ਕਰ ਨੇ ਬੇਨਾਮੀ ਜਾਇਦਾਦ ਸਕੀਮ 2018 ਦਾ ਐਲਾਨ ਕੀਤਾ ਹੈ। ਇਸ ਤਹਿਤ ਸੂਚਨਾ ਦੇਣ ਵਾਲਿਆਂ ਨੂੰ ਇੱਕ ਕਰੋੜ ਰੁਪਏ ਤਕ ਦਾ ਇਨਾਮ ਮਿਲ ਸਕਦਾ ਹੈ।
ਆਮਦਨ ਕਰ ਵਿਭਾਗ ਨੇ ਕਾਲੇ ਧਨ ਦੀ ਸੂਚਨਾ ਦੇਣ ਵਾਲੇ ਨੂੰ ਮਿਲਣ ਵਾਲੇ ਇਨਾਮ ਸਕੀਮ ਵਿੱਚ ਵੀ ਤਬਦੀਲੀ ਕੀਤੀ ਹੈ। ਹੁਣ ਸੂਚਨਾ ਦੇਣ ਵਾਲੇ ਨੂੰ ਪੰਜ ਕਰੋੜ ਰੁਪਏ ਤਕ ਦਾ ਇਨਾਮ ਮਿਲ ਸਕਦਾ ਹੈ।
ਆਮਦਨ ਕਰ ਵਿਭਾਗ ਮੁਤਾਬਕ ਬੇਨਾਮੀ ਜਾਣਕਾਰੀ ਸਕੀਮ 2018 ਤਹਿਤ ਬੇਨਾਮੀ ਸੰਪੱਤੀ ਰੱਖਣ ਵਾਲਿਆਂ ਦੀ ਸੂਚਨਾ ਬੇਨਾਮੀ ਪ੍ਰੋਬਿਸ਼ਨ ਯੂਨਿਟਸ (ਬੀਪੀਯੂ) ਕਮਿਸ਼ਨਰ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਇੱਕ ਕਰੋੜ ਰੁਪਏ ਤਕ ਦਾ ਇਨਾਮ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਵਿਦੇਸ਼ੀ ਨਾਗਰਿਕ ਵੀ ਇਨਾਮ ਪਾ ਸਕਦੇ ਹਨ।
ਕਰ ਵਿਭਾਗ ਨੇ ਕਿਹਾ ਹੈ ਕਿ ਸੂਚਨਾ ਦੇਣ ਵਾਲਿਆਂ ਦੇ ਵੇਰਵੇ ਗੁਪਤ ਰੱਖੇ ਜਾਣਗੇ। ਆਈਟੀ ਨੇ ਕਾਲੇ ਧਨ ਦਾ ਪਤਾ ਲਾਉਣ ਤੇ ਟੈਕਸ ਚੋਰੀ ਰੋਕਣ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਦੇ ਉਦੇਸ਼ ਨਾਲ ਹੀ ਇਹ ਸਕੀਮ ਜਾਰੀ ਕੀਤੀ ਹੈ।