ਨਵੀਂ ਦਿੱਲੀ: ਇੱਕ 55 ਸਾਲਾ ਰਿਕਸ਼ਾ ਚਾਲਕ ਨੂੰ ਸੋਮਵਾਰ ਕਥਿਤ ਤੌਰ 'ਤੇ ਦੋ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਸਿਰਫ 60 ਰੁਪਏ ਤੇ ਰਿਕਸ਼ਾ ਚੋਰੀ ਕਰਨ ਮਗਰੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਪੂਰਬੀ ਦਿੱਲੀ ਦੇ ਵਸੁੰਧਰਾ ਐਨਕਲੇਵ ਨੇੜੇ ਦੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਚੋਰੀ ਕੀਤਾ ਰਿਕਸ਼ਾ ਤੇ ਕਤਲ ਕਰਨ ਲਈ ਵਰਤੇ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ।


ਰਿਕਸ਼ਾ ਚਾਲਕ ਦੀ ਲਾਸ਼ ਵੱਢੇ ਹੋਏ ਗਲ ਤੇ ਬੁਰੀ ਤਰ੍ਹਾਂ ਪੱਥਰ ਨਾਲ ਕੁਲਚੇ ਸਿਰ ਨਾਲ 15 ਜਨਵਰੀ ਨੂੰ ਵਸੁੰਧਰਾ ਐਨਕਲੇਵ ਦੇ ਸਕੂਲ ਨੇੜੇ ਖਾਲੀ ਪਲਾਟ ਦੀਆਂ ਝਾੜੀਆਂ ਵਿੱਚੋਂ ਮਿਲੀ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਨੇੜਲੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਭੇਜ ਦਿੱਤਾ। ਪੁਲਿਸ ਨੇ ਨਿਊ ਅਸ਼ੋਕ ਨਗਰ ਥਾਣੇ ਵਿੱਚ ਕਤਲ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਛਾਣ ਅਗਿਆਤ ਸੀ, ਇਸ ਲਈ ਜਾਂਚ ਟੀਮ ਨੇ ਉਸ ਦੀਆਂ ਫੋਟੋਆਂ ਮੌਕੇ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਦਿਖਾਈਆਂ ਜਿੱਥੋਂ ਲਾਸ਼ ਬਰਾਮਦ ਕੀਤੀ ਗਈ ਸੀ। 16 ਜਨਵਰੀ ਨੂੰ, ਆਦਮੀ ਦੀ ਪਛਾਣ ਜੀਵਨ ਮਜੂਮਦਰ, ਇੱਕ ਰਿਕਸ਼ਾ ਚਾਲਕ ਵਜੋਂ ਹੋਈ।

ਹੋਰ ਪੜਤਾਲ ਤੋਂ ਪਤਾ ਚੱਲਿਆ ਕਿ ਮਜੂਮਦਰ ਦਾ ਰਿਕਸ਼ਾ ਅਤੇ ਉਸ ਦਾ ਬਟੂਆ ਗਾਇਬ ਸੀ। ਮੌਕੇ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਨੇ ਮਜੂਮਦਰ ਦੇ ਰਿਕਸ਼ਾ ਦਾ ਪਤਾ ਲਾਉਣ ਵਿੱਚ ਪੁਲਿਸ ਦੀ ਮਦਦ ਕੀਤੀ। ਇਹ ਉਸ ਜਗ੍ਹਾ ਤੋਂ ਥੋੜੀ ਦੂਰੀ 'ਤੇ ਸੀ ਜਿਥੇ ਉਸ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਹੋਰ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕੀਤੀ ਤੇ ਇੱਕ ਵਿੱਚ ਦੋ ਸ਼ੱਕੀ ਵਿਅਕਤੀ ਰਿਕਸ਼ਾ ਛੱਡਦੇ ਵੇਖੇ ਗਏ।

ਹਾਲਾਂਕਿ ਸਥਾਨਕ ਜਾਂਚ ਵਿੱਚ, ਉਨ੍ਹਾਂ ਵਿਚੋਂ ਇੱਕ ਦੀ ਪਛਾਣ 24 ਸਾਲਾ ਮੱਛੀ ਵੇਚਣ ਵਾਲੇ ਛੋਟੇਨ ਸਿੰਘ ਵਜੋਂ ਹੋਈ। ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਪੁੱਛਗਿੱਛ ਦੌਰਾਨ ਉਸ ਨੇ ਉਸ ਵਿਅਕਤੀ ਨੂੰ ਮਾਰਨ ਦੀ ਗੱਲ ਕਬੂਲ ਕੀਤੀ। ਉਸ ਦੇ ਖੁਲਾਸਿਆਂ ਕਾਰਨ ਉਸ ਦੇ ਦੋਸਤ 20 ਸਾਲਾ ਦਲੀਪ ਹਲਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ 14 ਜਨਵਰੀ ਦੀ ਰਾਤ ਨੂੰ ਉਨ੍ਹਾਂ ਨੇ ਪਾਰਟੀ ਕਰਨ ਦੇ ਬਹਾਨੇ ਮਜੂਮਦਰ ਨੂੰ ਖਾਲੀ ਪਲਾਟ ਵਿੱਚ ਬੁਲਾਇਆ ਸੀ। ਦੋਵਾਂ ਨੇ ਉਸ 'ਤੇ ਕਾਬੂ ਪਾਇਆ, ਉਸ ਦਾ ਗਲਾ ਵੱਢਿਆ ਤੇ ਉਸ ਦੀ ਪਛਾਣ ਲੁਕਾਉਣ ਲਈ ਉਸ ਦੇ ਸਿਰ ਨੂੰ ਪੱਥਰ ਨਾਲ ਕੁਚਲ ਦਿੱਤਾ। ਉਨ੍ਹਾਂ ਨੇ ਉਸ ਦਾ ਬਟੂਆ ਜਿਸ ਵਿੱਚ ਸਿਰਫ 60 ਰੁਪਏ ਸੀ ਤੇ ਰਿਕਸ਼ਾ ਚੋਰੀ ਕਰ ਲਿਆ, ਜੋ ਉਨ੍ਹਾਂ ਦਾ ਕਤਲ ਕਰਨ ਦਾ ਮੁੱਖ ਉਦੇਸ਼ ਸੀ।