ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ। ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਅੰਦੋਲਨ ਅੱਜ 55ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਸਰਕਾਰ 'ਤੇ ਦਬਾਅ ਬਣਾਉਣ ਲਈ ਹੁਣ 26 ਜਨਵਰੀ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਵਿੱਚ ਹਨ।

ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੂੰ ਜਾਣਕਾਰੀ ਮਿਲੀ ਹੈ ਕਿ ਗਣਤੰਤਰ ਦਿਵਸ ਮੌਕੇ 1 ਲੱਖ ਬਾਈਕਰਸ (ਮੋਟਰਸਾਈਕਲਾਂ ਤੇ) ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਦੀ ਮੁਸੀਬਤ ਵਧ ਗਈ ਹੈ।

ਗਣਤੰਤਰ ਦਿਵਸ 'ਤੇ ਪੁਲਿਸ ਨੂੰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨੇ ਪੈ ਰਹੇ ਹਨ, ਇਸ ਤੋਂ ਇਲਾਵਾ 54 ਦਿਨਾਂ ਤੋਂ ਦਿੱਲੀ ਦੀਆਂ ਹੱਦ' ਤੇ ਬੈਠੇ ਹਜ਼ਾਰਾਂ ਕਿਸਾਨਾਂ ਨਾਲ ਵੀ ਦਿੱਲੀ ਪੁਲਿਸ ਜੂਝ ਰਹੀ ਹੈ। ਹੁਣ ਜੇ 26 ਜਨਵਰੀ ਨੂੰ 1 ਲੱਖ ਬਾਈਕਰਸ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਏ ਤਾਂ ਪੁਲਿਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਾਸ਼ਟਰੀ ਦਿਵਸ ਵਾਲੇ ਦਿਨ ਅੱਤਵਾਦੀ ਹਮਲਿਆਂ ਦਾ ਖ਼ਤਰਾ ਵੀ ਹੈ, ਅਜਿਹੀ ਸਥਿਤੀ ਵਿਚ ਦਿੱਲੀ ਪੁਲਿਸ ਲਈ 2021 ਦੇ ਗਣਤੰਤਰ ਦਿਵਸ ਲਈ ਸੁਰੱਖਿਆ ਦੇ ਪ੍ਰਬੰਧ ਕਰਨਾ ਚੁਣੌਤੀ ਹੋ ਸਕਦੀ ਹੈ।