ਪਟਨਾ: ਬਿਹਾਰ ਚੋਣ ਨਤੀਜੇ (Bihar Election Result) ਆਉਣ ਦੇ ਬਾਅਦ ਤੋਂ ਹਾਲੇ ਤੱਕ ਚੁੱਪ ਰਹੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਯਾਦਵ (Tejashwi Yadav) ਨੇ ਹੁਣ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਬਿਹਾਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ। ਤੇਜੱਸਵੀ ਯਾਦਵ ਨੇ ਕਿਹਾ,‘ਲੋਕ ਫ਼ਤਵਾ ਤਾਂ ਮਹਾਂਗੱਠਜੋੜ ਦੇ ਹੱਕ ਵਿੱਚ ਸੀ ਪਰ ਚੋਣ ਕਮਿਸ਼ਨ ਦਾ ਨਤੀਜਾ ਐਨਡੀਏ ਦੇ ਹੱਕ ’ਚ ਆਇਆ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਸਾਲ 2015 ’ਚ ਜਦੋਂ ਮਹਾਂਗੱਠਜੋੜ ਬਣਿਆ ਸੀ, ਤਦ ਵੋਟਾਂ ਸਾਡੇ ਹੱਕ ਵਿੱਚ ਸਨ ਪਰ ਭਾਜਪਾ ਸੱਤਾ ਹਾਸਲ ਕਰਨ ਲਈ ਪਿਛਲੇ ਦਰਵਾਜ਼ੇ ’ਚੋਂ ਦਾਖ਼ਲ ਹੋ ਗਈ।’

ਆਰਜੇਡੀ ਆਗੂ ਤੇਜੱਸਵੀ ਯਾਦਵ ਨੇ ਦੋਸ਼ ਲਾਇਆ ਸਾਨੂੰ ਲੋਕਾਂ ਦੀ ਪੂਰਨ ਹਮਾਇਤ ਮਿਲੀ ਪਰ ਐਨਡੀਏ ਨੇ ਧਨ, ਛਲ ਭਾਵ ਧੋਖਾਧੜੀ ਤੇ ਬਲ ਰਾਹੀਂ ਚੋਣ ਜਿੱਤ ਲਈ। ਉਨ੍ਹਾਂ ਕਿਹਾ ਕਿ ਨੀਤੀਸ਼ ਕੁਮਾਰ ਦਾ ਜਨਤਾ ਦਲ (ਯੂ) ਤੀਜੇ ਸਥਾਨ ’ਤੇ ਰਿਹਾ ਹੈ। ਜੇ ਨੀਤੀਸ਼ ਹੁਰਾਂ ਦੀ ਨੈਤਿਕਤਾ ਬਚੀ ਹੈ, ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਆਪਣਾ ਲਾਲਚ ਛੱਡ ਦੇਣਾ ਚਾਹੀਦਾ ਹੈ।

ਤੇਜੱਸਵੀ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਅਸੀਂ ਉਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਡਾਕ ਰਾਹੀਂ ਮਿਲੀਆਂ ਵੋਟਾਂ ਦੀ ਮੁੜ ਗਿਣਤੀ ਕੀਤੇ ਜਾਣ ਦੀ ਮੰਗ ਕਰਦੇ ਹਾਂ, ਜਿੱਥੇ ਉਨ੍ਹਾਂ ਦੀ ਗਿਣਤੀ ਸ਼ੁਰੂ ’ਚ ਨਹੀਂ, ਸਗੋਂ ਅੰਤ ’ਚ ਕੀਤੀ ਗਈ। ਬਿਹਾਰ ਵਿਧਾਨ ਸਭਾ ਚੋਣ ’ਚ ਬਹੁਤ ਹੀ ਰੋਮਾਂਚਕ ਮੁਕਾਬਲੇ ’ਚ ਨੀਤੀਸ਼ ਕੁਮਾਰ ਦੀ ਅਗਵਾਈ ਹੇਠਲੇ NDA ਨੇ ਕੁੱਲ 243 ਵਿੱਚੋਂ 125 ਸੀਟਾਂ ਉੱਤੇ ਜੇਤੂ ਝੰਡਾ ਲਹਿਰਾ ਕੇ ਬਹੁਮਤ ਦਾ ਜਾਦੂਮਈ ਅੰਕੜਾ ਹਾਸਲ ਕੀਤਾ ਹੈ। ਮਹਾਂਗੱਠਜੋੜ ਦੇ ਖਾਤੇ ਵਿੱਚ 110 ਸੀਟਾਂ ਆਈਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904