ਪਟਨਾ: ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਨੀਤੀਸ਼ ਕੁਮਾਰ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਐਨਡੀਏ ਦੇ ਹੋਰ ਆਗੂਆਂ ਦੀ ਮੌਜੂਦਗੀ ’ਚ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ ਪਰ ਉਸ ਤੋਂ ਪਹਿਲਾਂ ਹੀ ਸੂਬੇ ’ਚ ਸਿਆਸਤ ਸ਼ੁਰੂ ਹੋ ਗਈ ਹੈ। ਰਾਸ਼ਟਰੀ ਜਨਤਾ ਦਲ ਨੇ ਟਵੀਟ ਕਰ ਕੇ ਕਿਹਾ ਕਿ ਉਹ ਇਸ ਸਹੁੰ ਚੁਕਾਈ ਸਮਾਰੋਹ ਦਾ ਬਾਈਕਾਟ ਕਰਦਾ ਹੈ ਕਿਉਂਕਿ ਐਨਡੀਏ ਨੇ ਲੋਕਾਂ ਦੇ ਫ਼ਤਵੇ ਨੂੰ ਹਾਕਮਾਂ ਦੇ ਹੁਕਮ ਨਾਲ ਬਦਲ ਦਿੱਤਾ ਹੈ।


RJD ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਬਿਹਾਰ ਦੇ ਬੇਰgਜ਼ਗਾਰਾਂ, ਕਿਸਾਨਾਂ, ਕੰਟਰੈਕਟ ਆਧਾਰਤ ਮੁਲਾਜ਼ਮਾਂ, ਐਡਜਸਟ ਕੀਤੇ ਅਧਿਆਪਕਾਂ ਤੋਂ ਪੁੱਛੋ ਕਿ ਉਨ੍ਹਾਂ ਉੱਤੇ ਕੀ ਬੀਤ ਰਹੀ ਹੈ। ਐਨਡੀਏ ਦਾ ਇਹ ਸਭ ਕੁਝ ਫ਼ਰਜ਼ੀ ਹੈ ਤੇ ਜਨਤਾ ਇਸ ਕਾਰਣ ਰੋਹ ’ਚ ਹੈ। ਅਸੀਂ ਜਨਤਾ ਦੇ ਨੁਮਾਇੰਦੇ ਹਾਂ ਤੇ ਜਨਤਾ ਨਾਲ ਖੜ੍ਹੇ ਹਾਂ।

ਦੱਸ ਦੇਈ ਏ ਕਿ ਇਸ ਤੋਂ ਪਹਿਲਾਂ RJD ਨੇ ਆਪਣੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਨੀਤੀਸ਼ ਕੁਮਾਰ ਉੱਤੇ ਵਿਅੰਗ ਕਰਦਿਆਂ ਸਿਆਸੀ ਹਮਲਾ ਕੀਤਾ ਸੀ। ਉਸ ਟਵੀਟ ’ਚ ਲਿਖਿਆ ਸੀ – ‘ਤੀਜੇ ਦਰਜੇ ਦੀ ਪਾਰਟੀ ਹੋਣ ਤੇ ਥੱਕ ਜਾਣ ਕਾਰਣ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸਾਂ ਪਰ BJP ਦੇ ਕਈ ਸੀਨੀਅਰ ਆਗੂਆਂ ਨੇ ਮੇਰੇ ਪੈਰ ਫੜ ਲਈ, ਰੋਣ ਲੱਗੇ, ਹਾੜੇ ਕੱਢਣ ਲੱਗੇ। ਮੈਂ ਥੋੜ੍ਹਾ ਨਰਮ–ਦਿਲ ਦਾ ਕੁਰਸੀਵਾਦੀ ਅੰਤਰਜਾਮੀ ਮੰਗਤਾ ਹਾਂ, ਉਨ੍ਹਾਂ ਲੋਕਾਂ ਦੇ ਇੰਨਾ ਕਹਿਣ ’ਤੇ ਮੇਰਾ ਦਿਲ ਪਿਘਲ ਗਿਆ ਤੇ ਮੈਂ ਉਨ੍ਹਾਂ ਨੂੰ ਨਾਰਾਜ਼ ਵੀ ਕਿਵੇਂ ਕਰਦਾ?’

ਇਹ ਵੀ ਦੱਸ ਦੇਈਏ ਕਿ ਐੱਨਡੀਏ ਵਿਧਾਇਕ ਪਾਰਟੀ ਦਾ ਆਗੂ ਚੁਣੇ ਜਾਣ ਤੋਂ ਬਾਅਦ ਨੀਤੀਸ਼ ਕੁਮਾਰ ਨੇ ਆਖਿਆ ਸੀ,‘ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸਾਂ ਪਰ ਭਾਜਪਾ ਆਗੂਆਂ ਦੇ ਵਾਰ-ਵਾਰ ਕਹਿਣ ਤੇ ਹਦਾਇਤ ਤੋਂ ਬਾਅਦ ਮੈਂ ਮੁੱਖ ਮੰਤਰੀ ਬਣਨਾ ਪ੍ਰਵਾਨ ਕੀਤਾ ਹੈ। ਮੈਂ ਤਾਂ ਚਾਹੁੰਦਾ ਸੀ ਕਿ ਮੁੱਖ ਮੰਤਰੀ ਭਾਜਪਾ ਦਾ ਹੀ ਕੋਈ ਬਣੇ।’