ਮੰਡੀ: ਅੱਜ ਹਿਮਾਚਲ ਪ੍ਰਦੇਸ਼ ’ਚ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਮੰਡੀ ਜ਼ਿਲ੍ਹੇ ਦੇ ਪੁਲਘਰਾਟ ਇਲਾਕੇ ਦੀ ਸੁਕੇਤ ਖੱਡ ਕੋਲ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰਾਂ ਨੂੰ ਲਿਜਾ ਰਹੀ ਇੱਕ ਪਿੱਕਅਪ ਵੈਨ ਪੁਲ ਤੋੜ ਕੇ ਸੁਕੇਤ ਖੱਡ ਨਦੀ ’ਚ ਡਿੱਗ ਗਈ। ਪਿੱਕਅਪ ਦੇ ਪਾਣੀ ’ਚ ਡਿੱਗਣ ਨਾਲ 7 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਡਰਾਇਵਰ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਦਰ ਥਾਣਾ ਇੰਚਾਰਜ ਵਿਨੋਦ ਕੁਮਾਰ ਠਾਕੁਰ ਨੇ ਆਪਣੀ ਟੀਮ ਨਾਲ ਮੌਕੇ ਉੱਤੇ ਪੁੱਜ ਕੇ ਰਾਹਤ ਕਾਰਜ ਅਰੰਭ ਕੀਤੇ। ਕਾਫ਼ੀ ਮੁਸ਼ਕਤ ਤੋਂ ਬਾਅਦ ਪੁਲਿਸ ਨੇ ਨਦੀ ’ਚ ਡਿੱਗੀ ਵੈਨ ’ਚੋਂ ਲਾਸ਼ਾਂ ਬਾਹਰ ਕੱਢੀਆਂ। ਹੁਣ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਮਰਨ ਵਾਲੇ ਸਾਰੇ ਵਿਅਕਤੀ ਬਿਹਾਰੀ ਮਜ਼ਦੂਰ ਹਨ, ਜਿਨ੍ਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।