ਅਮਰੇਲੀ: ਗੁਜਰਾਤ ਦੇ ਅਮਰੇਲੀ 'ਚ ਅੱਜ ਸਵੇਰੇ ਵੱਡਾ ਹਾਦਸਾ ਹੋਇਆ। ਇੱਥੇ ਇਕ ਬੇਕਾਬੂ ਟਰੱਕ ਨੇ ਸੜਕ ਕਿਨਾਰੇ ਸੌਂ ਰਹੇ ਮਜਦੂਰਾਂ ਨੂੰ ਕੁਚਲ ਦਿੱਤਾ, ਜਿੰਨ੍ਹਾਂ 'ਚੋਂ 8 ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹਨ। 
ਸਾਵਰਕੁੰਡਲਾ ਦੇ ਬਾਡਤਾ ਪਿੰਡ ਕੋਲ ਹੋਇਆ ਹਾਦਸਾ


ਦੱਸਿਆ ਜਾ ਰਿਹਾ ਹੈ ਕਿ ਹਾਦਸਾ ਅਮਰੇਲੀ 'ਚ ਸਾਵਰਕੁੰਡਲਾ ਦੇ ਬਾਡਤਾ ਪਿੰਡ ਦੇ ਕੋਲ ਹੋਇਆ। ਹਾਦਸਾ ਤੜਕੇ ਕਰੀਬ ਤਿੰਨ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਚੀਕਾਂ ਨਾਲ ਇਲਾਕੇ 'ਚ ਹਾਹਾਕਾਰ ਮੱਚ ਗਈ। ਜਿਸ ਤੋਂ ਬਾਅਦ ਸਥਾਨਕ ਪੁਲਿਸ ਤੇ ਆਈ ਤੇ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।


4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ


ਹਾਦਸੇ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਟਵੀਟ ਕੀਤਾ, 'ਅਮਰੇਲੀ ਜ਼ਿਲ੍ਹੇ ਦੇ ਸਾਵਰਕੁੰਡਲਾ ਦੇ ਬਰਦਾ ਪਿੰਡ ਕੋਲ ਹੋਏ ਦਰਦਨਾਕ ਹਾਦਸੇ ਤੋਂ ਦੁਖੀ ਹਾਂ। ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਤਤਕਾਲ ਤੇ ਉੱਚਿਤ ਮਦਦ ਮੁਹੱਈਆ ਕਰਾਉਣ ਦੇ ਸਾਰੇ ਹੁਕਮ ਦਿੱਤੇ ਗਏ ਹਨ। ਸੂਬਾ ਸਰਕਾਰ ਦੁਰਘਟਨਾ ਦੇ ਹਰ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਸਹਾਇਤਾ ਦੇਵੇਗੀ।'


ਮੁੱਖ ਮੰਤਰੀ ਨੇ ਦਿੱਤੇ ਘਟਨਾ ਦੀ ਜਾਂਚ ਦੇ ਹੁਕਮ


ਇਕ ਹੋਰ ਟਵੀਟ 'ਚ ਸੀਐਮ ਰੁਪਾਣੀ ਨੇ ਕਿਹਾ 'ਕਲੈਕਟਰ ਅਮਰੇਲੀ ਨੂੰ ਤਤਕਾਲ ਪੂਰੀ ਘਟਨਾ ਦੀ ਜਾਂਚ ਕਰਕੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਹਨ। ਅਰਦਾਸ ਹੈ ਕਿ ਭਗਵਾਨ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਦੀ ਹਿੰਮਤ ਦੇਵੇ।'


ਮੁਲਜ਼ਮ ਟਰੱਕ ਡਰਾਇਵਰ ਗ੍ਰਿਫ਼ਤਾਰ


ਪੁਲਿਸ ਨੇ ਬੇਕਾਬੂ ਟਰੱਕ ਦੇ ਡ੍ਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਸਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਉਹ ਸ਼ਰਾਬ ਪੀਕੇ ਟਰੱਕ ਤਾਂ ਨਹੀਂ ਚਲਾ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।