ਹੈਦਰਾਬਾਦ: ਗਲੋਬਲ ਇੰਟਰਪ੍ਰਿਨਿਓਰਸ਼ਿਪ ਸਮਿੱਟ 'ਚ ਹਿੱਸਾ ਲੈਣ ਆਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁੜੀ ਤੇ ਸਲਾਹਕਾਰ ਇਵਾਂਕਾ ਦੀ ਮੁਲਾਕਾਤ 'ਮਿਤਰ' ਨਾਲ ਵੀ ਹੋਵੇਗੀ। ਇਹ ਕੋਈ ਇਨਸਾਨ ਨਹੀਂ ਸਗੋਂ ਰੋਬੋਟ ਦਾ ਨਾਂ ਹੈ। ਬੰਗਲੁਰੁ ਦੀ ਕੰਪਨੀ ਇੰਵੇਟੋ ਰੋਬੋਟਿਕਸ ਵੱਲੋਂ ਤਿਆਰ ਇਹ ਰੋਬੋਟ ਮਿੱਤਰ ਉਦਘਾਟਨ ਮੰਚ 'ਤੇ ਪੀਐਮ ਮੋਦੀ ਤੇ ਇਵਾਂਕਾ ਨਾਲ ਗੱਲ ਕਰਦਾ ਨਜ਼ਰ ਆਵੇਗਾ। ਬਾਅਦ 'ਚ ਮੋਦੀ ਤੇ ਇਵਾਂਕਾ ਇੱਕ ਬਟਨ ਦਬਾਉਣਗੇ ਜਿਸ ਤੋਂ ਬਾਅਦ ਹੀ ਸਮਾਰੋਹ ਸ਼ੁਰੂ ਹੋਵੇਗਾ। ਇੱਕ ਹੋਰ ਰੋਬੋਟ ਲੋਕਾਂ ਨਾਲ ਗੱਲਬਾਤ ਲਈ ਮੌਜੂਦ ਰਵੇਗਾ। ਮੇਡ ਇਨ ਇੰਡੀਆ ਰੋਬੋਟ 1500 ਸ਼ਬਦਾਂ ਨੂੰ ਪ੍ਰੋਸੈਸ ਕਰਨ 'ਚ ਕਾਮਯਾਬ ਹੈ। ਮਿੱਤਰ ਰੋਬੋਟ ਬਣਾਉਣ ਵਾਲੀ ਇੰਵੇਟੋ ਟੈਕ ਕੰਪਨੀ ਦੇ ਸੀਈਓ ਬਾਲਾਜੀ ਵਿਸ਼ਵਨਾਥ ਕਹਿੰਦੇ ਹਨ ਕਿ ਗਲੋਬਲ ਇੰਟਰਪ੍ਰਿਨਿਓਰਸ਼ਿਪ ਸਮਿੱਟ ਦੇ ਉਦਘਾਟਨ ਸਮਾਰੋਹ 'ਚ ਸਾਡਾ ਮਿੱਤਰ ਰੋਬੋਟ ਪ੍ਰਧਾਨ ਮੰਤਰੀ ਤੇ ਇਵਾਂਕਾ ਨਾਲ ਮਿਲੇਗਾ ਤੇ ਉਨ੍ਹਾਂ ਦੀ ਮਦਦ ਕਰੇਗਾ। ਬਾਲਾਜੀ ਤੇ ਉਨ੍ਹਾਂ ਦੀ 14 ਮੈਂਬਰੀ ਟੀਮ ਨੇ ਮਿੱਤਰ ਰੋਬੋਟ ਦਾ ਨਵਾਂ ਤੇ ਵਧੀਆ ਮਾਡਲ ਲਾਂਚ ਕੀਤਾ ਹੈ। ਇਸ 'ਚ ਫਾਇਬਰ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ। ਬੰਗਲੁਰੁ 'ਚ ਕਈ ਬੈਂਕਾਂ ਨੇ ਕੰਨੜ ਬੋਲਣ ਵਾਲਾ ਮਿੱਤਰ ਰੋਬੋਟ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਦਫਤਰਾਂ 'ਚ ਰੱਖਿਆ ਹੈ। ਲੋਕ ਵਿਆਹ ਸ਼ਾਦੀਆਂ 'ਚ ਵੀ ਉਸ ਨੂੰ ਸੱਦਦੇ ਹਨ।