ਬੀਜਿੰਗ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਕਸ਼ੇ-ਕਦਮ 'ਤੇ ਚੱਲਦੇ ਹੋਏ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਵੀ ਆਪਣੇ ਦੇਸ਼ 'ਚ ਪਖਾਨਿਆਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਬਿਹਤਰ ਰੱਖਰਖਾਅ 'ਤੇ ਜ਼ੋਰ ਦਿੱਤਾ ਹੈ। ਜ਼ਿਨਪਿੰਗ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ 'ਚ ਕਿਹਾ, 'ਦੇਸ਼ ਵਿਚ ਸੈਰ ਸਪਾਟਾ ਇੰਡਸਟਰੀ ਨੂੰ ਬੜਾਵਾ ਦੇਣ ਅਤੇ ਸ਼ਹਿਰਾਂ ਅਤੇ ਪਿੰਡਾਂ ਦੀ ਬਿਹਤਰੀ ਲਈ ਸਾਫ਼ ਪਖਾਨਿਆਂ ਦਾ ਨਿਰਮਾਣ ਕਰਨਾ ਬਹੁਤ ਮਹੱਤਵਪੂਰਣ ਹੈ। ਇਸਦੇ ਲਈ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਹੈ। ਇਸ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਸੁਧਰੇਗਾ।'


ਚੀਨ ਦੇ ਰਾਸ਼ਟਰੀ ਸੈਰ ਸਪਾਟਾ ਵਿਭਾਗ ਨੇ ਹਾਲੀਆ ਇਕ ਕਾਰਜ ਯੋਜਨਾ 'ਤੇ ਅਮਲ ਸ਼ੁਰੂ ਕੀਤਾ ਹੈ। ਇਸਦੇ ਤਹਿਤ 2020 ਤਕ ਪੂਰੇ ਦੇਸ਼ ਵਿਚ ਸੈਰ ਸਪਾਟੇ ਵਾਲੀਆਂ ਥਾਵਾਂ 'ਤੇ 64 ਹਜ਼ਾਰ ਪਖਾਨੇ ਬਣਾਏ ਜਾਣਗੇ ਅਤੇ ਪਹਿਲਾਂ ਤੋਂ ਮੌਜੂਦ ਪਖਾਨਿਆਂ 'ਚ ਸੁਧਾਰ ਕੀਤਾ ਜਾਵੇਗਾ। ਚੀਨ ਨੇ 2015 'ਚ 'ਪਖਾਨਾ ਯਾਂਤੀ' ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸਦੇ ਤਹਿਤ ਸੈਰ ਸਪਾਟਾ ਵਿਭਾਗ ਨੇ ਕਰੀਬ 68 ਹਜ਼ਾਰ ਪਖਾਨਿਆਂ ਦਾ ਨਵੀਨੀਕਰਨ ਕਰਾਇਆ ਹੈ।

ਚੀਨ 'ਚ ਪਿਛਲੇ ਸਾਲ 5.93 ਕਰੋੜ ਕੌਮਾਂਤਰੀ ਸੈਲਾਨੀ ਪਹੁੰਚੇ ਸਨ। ਚੀਨ ਉਨ੍ਹਾਂ ਪ੍ਰਮੁੱਖ ਦੇਸ਼ਾਂ ਵਿਚ ਸ਼ਾਮਿਲ ਹੈ ਜਿੱਥੇ ਸਭ ਤੋਂ ਵੱਧ ਵਿਦੇਸ਼ੀ ਸੈਲਾਨੀ ਪਹੁੰਚਦੇ ਹਨ। ਪਰ ਸੈਰ ਸਪਾਟੇ ਵਾਲੀਆਂ ਥਾਵਾਂ 'ਤੇ ਪਖਾਨਿਆਂ ਦੀ ਕਮੀ ਅਤੇ ਗੰਦਗੀ ਨੂੰ ਲੈ ਕੇ ਸੈਲਾਨੀ ਨਾਖੁਸ਼ੀ ਪ੍ਰਗਟਾਉਂਦੇ ਰਹੇ ਹਨ।