ਅੱਜ ਯਾਨੀ 27 ਨਵੰਬਰ ਨੂੰ ਹਿੰਦੀ ਦੇ ਮਸ਼ਹੂਰ ਕਵੀ ਹਰਿਵੰਸ਼ ਰਾਏ ਬੱਚਨ ਦਾ ਜਨਮਦਿਨ ਹੈ। ਬੱਚਨ ਜੀ ਦਾ ਜਨਮ 27 ਨਵੰਬਰ 1907 ਨੂੰ ਇਲਾਹਾਬਾਦ ਦੇ ਗੁਆਂਢੀ ਜ਼ਿਲ੍ਹੇ ਪ੍ਰਤਾਪਗੜ੍ਹ ਦੇ ਇੱਕ ਛੋਟੇ ਜਿਹੇ ਪਿੰਡ ਬਾਬੂਪੱਟੀ ਵਿੱਚ ਹੋਇਆ ਸੀ।


ਸਾਹਿਤ ਤੋਂ ਅਣਜਾਣ ਲੋਕ ਹਰਿਵੰਸ਼ ਰਾਏ ਬੱਚਨ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪਿਤਾ ਦੇ ਰੂਪ ਵਿੱਚ ਵਧੇਰੇ ਜਾਣਦੇ ਹਨ। ਪਰ ਸਾਹਿਤ ਪ੍ਰੇਮੀਆਂ ਲਈ ਹਰਿਵੰਸ਼ ਰਾਏ ਬੱਚਨ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਬੱਚਨ ਸਾਹਿਬ ਦੇ ਦੋ ਪੁੱਤਰ ਸਨ, ਅਮਿਤਾਭ ਤੇ ਅਜਿਤਾਭ ਬੱਚਨ।

ਹਰਿਵੰਸ਼ ਰਾਏ ਬੱਚਨ ਦੇ ਪਿਤਾ ਦਾ ਨਾਂ ਪ੍ਰਤਾਪ ਨਾਰਾਇਣ ਸ਼੍ਰੀਵਾਸਤਵ ਤੇ ਮਾਤਾ ਦਾ ਨਾਂ ਸਰਸਵਤੀ ਦੇਵੀ ਸੀ। ਉਨ੍ਹਾਂ ਬਚਪਨ ਤੋਂ ਹੀ ਬੱਚਨ ਭਾਵ ਬੱਚਾ ਜਾਂ ਸੰਤਾਨ ਕਹਿ ਕੇ ਬੁਲਾਇਆ ਜਾਂਦਾ ਸੀ। ਜੋ ਬਾਅਦ ਵਿੱਚ ਉਨ੍ਹਾਂ ਦੇ ਨਾਂ ਦੇ ਨਾਲ ਇੰਝ ਜੁੜਿਆ ਕਿ ਹੁਣ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਵੀ ਇਸ ਨੂੰ ਉਪਨਾਮ ਵਜੋਂ ਵਰਤਦੀਆਂ ਹਨ।

ਹਰਿਵੰਸ਼ ਰਾਏ ਬੱਚਨ ਦੀ ਖ਼ਾਸੀਅਤ ਇਹ ਸੀ ਕਿ ਉਹ ਬੇਹੱਦ ਗੰਭੀਰ ਤੇ ਸੰਜੀਦਾ ਮੁੱਦਿਆਂ ਨੂੰ ਵੀ ਬਹੁਤ ਹੀ ਸੌਖੇ ਢੰਗ ਵਿੱਚ ਆਪਣੀ ਕਵਿਤਾ ਵਿੱਚ ਪਿਰੋ ਦਿੰਦੇ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ 1935 ਵਿੱਚ ਲਿਖੀ ਆਪਣੀ ਰਚਨਾ ਮਧੂਸ਼ਾਲਾ ਕਾਰਨ ਪ੍ਰਾਪਤ ਹੋਈ ਸੀ।

ਇਸ ਤੋਂ ਬਾਅਦ 1936 ਵਿੱਚ ਮਧੂਬਾਲਾ ਤੇ 1937 ਵਿੱਚ ਮਧੂਕਲਸ਼ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਰਚਨਾਵਾਂ ਨਾਲ ਹੀ ਹਿੰਦੀ ਸਾਹਿਤ ਵਿੱਚ ਨਵੀਂ ਰੂਹ ਫੂਕੀ ਗਈ। ਬੱਚਨ ਸਾਹਿਬ ਨੂੰ ਭਾਰਤ ਸਰਕਾਰ ਨੇ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਆਪਣੇ ਯੋਗਦਾਨ ਸਦਕਾ 'ਪਦਮ ਭੂਸ਼ਣ' ਨਾਲ ਸਨਮਾਨਿਤ ਵੀ ਕੀਤਾ ਸੀ।