ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਬਣੇ ਹਾਲਾਤ ਨੂੰ ਵੇਖਦਿਆਂ ਪੰਜਾਬ 'ਚ ਆਰਐਸਐਸ ਮੁਖੀ ਮੋਹਨ ਭਾਗਵਤ ਲਈ ਖਤਰਾ ਮੰਨਿਆ ਜਾ ਰਿਹਾ ਹੈ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਰਾਜ ਵਿੱਚ ਆਰਐਸਐਸ ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਲਈ ਕਿਹਾ ਹੈ।

Continues below advertisement


ਗ੍ਰਹਿ ਮੰਤਰਾਲੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਸਿੰਘੂ ਬਾਰਡਰ ਉੱਤੇ ਬੀਤੀ 28 ਜਨਵਰੀ ਨੂੰ ਨਿਹੰਗ ਸਿੰਘਾਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਹੈ; ਜਿਸ ਵਿੱਚ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਨਿਹੰਗ ਵੱਲੋਂ ਆਰਐਸਐਸ ਮੁਖੀ ਨੂੰ ਸਿੱਧੇ ਤੌਰ ਉੱਤੇ ਧਮਕੀਆਂ ਦਿੱਤੀਆਂ ਗਈਆਂ ਸਨ।


ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਦੇ ਡੀਜੀਪੀ ਨੂੰ ਭੇਜੀ ਚਿੱਠੀ ਵਿੱਚ ਕਿਹਾ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਸਲਾਹ ’ਤੇ ਗ੍ਰਹਿ ਮੰਤਰਾਲੇ ਵੱਲੋਂ RSS ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ।


ਦੱਸ ਦੇਈਏ ਕਿ ਨਿਹੰਗਾਂ ਦੇ ਬਿਆਨ ’ਚ ਆਰਐਸਐਸ ਮੁਖੀ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਉੱਤੇ RSS ਦੇ ਵਲੰਟੀਅਰ ਭੇਜਣ ਦੀ ਕੋਈ ਵੀ ਕੋਸ਼ਿਸ਼ ਹਿੰਸਾ ਨੂੰ ਉਕਸਾ ਸਕਦੀ ਹੈ।


ਪੰਜਾਬ ਵਿੱਚ ਅੱਤਵਾਦ ਦੇ ਦੌਰ ਵੇਲੇ ਆਰਐਸਐਸ ਦੇ ਆਗੂਆਂ ਤੇ ਵਾਲੰਟੀਅਰਾਂ ਉੱਤੇ ਕਾਫ਼ੀ ਹਮਲੇ ਹੁੰਦੇ ਰਹੇ ਹਨ। ਸੂਬੇ ’ਚ ਇਸ ਵੇਲੇ ਆਰਐਸਐਸ ਦੀਆਂ ਲਗਭਗ 900 ਸ਼ਾਖਾਵਾਂ ਚੱਲਦੀਆਂ ਹਨ; ਜਿਨ੍ਹਾਂ ਵਿੱਚੋਂ 30 ਪਾਕਿਸਤਾਨੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਰਗਰਮ ਹਨ।


ਮੋਗਾ ’ਚ 25 ਜੂਨ, 1989 ਨੂੰ ਨਹਿਰੂ ਪਾਰਕ (ਹੁਣ ਸ਼ਹੀਦੀ ਪਾਰਕ) ਵਿੱਚ ਆਰਐਸਐਸ ਦੀ ਸ਼ਾਖਾ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਕੇ 25 ਸਵੈਮ ਸੇਵਕਾਂ ਦਾ ਕਤਲ ਕਰ ਦਿੱਤਾ ਸੀ।