ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਦੀਆਂ ਅਪੀਲਾਂ ਦੇ ਬਾਵਜੂਦ ਦੇਸ਼ ਦੇ ਵੱਖ-ਵੱਖ ਹਿੰਸਿਆਂ ਵਿੱਚ ਖੇਤੀ ਕਾਨੂੰਨਾਂ ਖਿਲਾਫ ਫਸਲਾਂ ਵਾਹੁਣ ਦਾ ਸਿਲਸਿਲਾ ਜਾਰੀ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚੋਂ ਹੁਣ ਤੱਕ ਕਈ ਕਿਸਾਨਾਂ ਨੇ ਆਪਣੀਆਂ ਫਸਲਾ ਵਾਹ ਦਿੱਤੀਆਂ ਹਨ। ਕਿਸਾਨਾਂ ਦੀ ਇਸ ਕਾਰਵਾਈ ਕਰਕੇ ਸਰਕਾਰ ਹੋਰ ਕਸੂਤੀ ਘਿਰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਆਮ ਜਨਤਾ ਵੀ ਫਿਕਰਮੰਦ ਹੈ ਕਿ ਜੇਕਰ ਕਿਸਾਨਾਂ ਨੇ ਆਪਣੀ ਲੋੜ ਮੁਤਾਬਕ ਹੀ ਫਸਲ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ ਤਾਂ ਬਾਜ਼ਾਰ ਵਿੱਚ ਆਨਾਜ ਦੇ ਭਾਅ ਅਸਮਾਨੀ ਚੜ੍ਹ ਜਾਣਗੇ।


ਦਰਅਸਲ ਕਿਸਾਨਾਂ ਨੇ ਪੂਰੀਆਂ ਸਰਦੀਆਂ ਦਿੱਲੀ ਦੀਆਂ ਹੱਦਾਂ ਉੱਪਰ ਗੁਜਾਰ ਦਿੱਤੀਆਂ ਹਨ। ਹੁਣ ਤੱਕ 300 ਦੇ ਕਰੀਬ ਕਿਸਾਨ ਆਪਣੀ ਜਾਨ ਦੇ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਘੱਟੋ-ਘੱਟ ਸਮਰਥਣ ਮੁੱਲ ਦੀ ਗਰੰਟੀ ਦੇਣ ਬਾਰੇ ਕੋਈ ਹਾਂਪੱਖੀ ਹੁੰਗਾਰਾ ਨਹੀਂ ਭਰਿਆ। ਇਹੋ ਕਾਰਨ ਹੈ ਕਿ ਕਿਸਾਨਾਂ ਅੰਦਰ ਗੁੱਸਾ ਸੱਤਵੇਂ ਆਸਮਾਨ ਪਹੁੰਚ ਗਿਆ ਹੈ।


ਇਸ ਗੁੱਸੇ ਵਜੋਂ ਜਿੱਥੇ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਤੇ ਕਾਰਪੋਰਟੇ ਘਰਾਣਿਆਂ ਦੇ ਕਾਰੋਬਾਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਹਾਪੰਚਾਇਤਾਂ ਵਿੱਚ ਵੱਡੇ ਇਕੱਠ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਫਸਲਾਂ ਵੀ ਵਾਹ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਆਪਣੀ ਲੋੜ ਲਈ ਹੀ ਫਸਲ ਰੱਖਣਗੇ ਤੇ ਬਾਕੀ ਵਾਹ ਦੇਣਗੇ।


ਹਾਸਲ ਜਾਣਕਾਰੀ ਮੁਤਾਬਕ ਫ਼ਸਲ ’ਤੇ ਟਰੈਕਟਰ ਚਲਾਉਣ ਦੀਆਂ ਸਭ ਤੋਂ ਵੱਧ ਘਟਨਾਵਾਂ ਜੀਂਦ ਇਲਾਕੇ ਵਿੱਚ ਵਾਪਰੀਆਂ ਹਨ। ਜ਼ਿਲ੍ਹਾ ਜੀਂਦ ਦੇ ਪਿੰਡ ਕੰਡੇਲਾ ਵਿੱਚ ਕਿਸਾਨ ਨੇ ਆਪਣੀ 5 ਏਕੜ ਥਾਂ ਵਿੱਚੋਂ ਤਿੰਨ ਕਿੱਲੇ ਕਣਕ ਵਾਹ ਦਿੱਤੀ ਹੈ, ਜਦਕਿ ਸਿਰਫ਼ ਦੋ ਏਕੜ ਫ਼ਸਲ ਹੀ ਰੱਖੀ ਹੈ।


ਇਸ ਬਾਰੇ ਕਿਸਾਨ ਸੁਦੇਸ਼ ਰਾਣੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਇਸੇ ਦੇ ਗੁੱਸੇ ਵਜੋਂ ਉਨ੍ਹਾਂ ਨੇ ਆਪਣੀ ਤਿੰਨ ਏਕੜ ਫ਼ਸਲ ਵਾਹ ਦਿੱਤੀ ਹੈ, ਘਰ ਦੇ ਗੁਜ਼ਾਰੇ ਜੋਗੀ ਦੋ ਏਕੜ ਫ਼ਸਲ ਰੱਖੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।


ਇਸੇ ਤਰ੍ਹਾਂ ਜ਼ਿਲ੍ਹਾ ਜੀਂਦ ਵਿੱਚ ਹੋਰ ਵੀ ਕਈ ਥਾਵਾਂ ’ਤੇ ਕਿਸਾਨਾਂ ਨੇ ਫ਼ਸਲ ਵਾਹੁਣ ਦੀ ਕੋਸ਼ਿਸ਼ ਕੀਤੀ। ਇੱਕ ਵਿਅਕਤੀ ਆਪਣੀ 40/50 ਏਕੜ ਥਾਂ ’ਤੇ ਟਰੈਕਟਰ ਚਲਾਉਣ ਲੱਗਾ ਤਾਂ ਕਿਸਾਨ ਆਗੂਆਂ ਨੇ ਰੋਕਿਆ। ਇਸ ਤੋਂ ਪਹਿਲਾਂ ਵੀ ਸੂਬੇ ਵਿੱਚ ਇਕ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਆਪਣੀ ਫ਼ਸਲ ਵਾਹੀ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਤਬਾਹ ਹੋ ਗਿਆ ਤਾਂ ਆਨਾਜ ਵੀ ਕੋਈ ਨਹੀਂ ਉਗਾਵੇਗਾ।


ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਵਿੱਚ ਕਿਸਾਨਾਂ ਨੂੰ ਖੜ੍ਹੀਆਂ ਫ਼ਸਲਾਂ ਤਬਾਹ ਨਾ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦਾ ਕਿਸਾਨ ਭਾਵੁਕ ਹੋ ਕੇ ਆਪਣੇ ਆਪ ਨੂੰ ਆਰਥਿਕ ਨੁਕਸਾਨ ਨਹੀਂ ਪਹੁੰਚਾਵੇਗਾ। ਚੜੂਨੀ ਨੇ ਕਿਸਾਨਾਂ ਨੂੰ ਫ਼ਸਲ ਵਾਹੁਣ ਦੀ ਥਾਂ ਪਰਿਵਾਰ ਸਣੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।