ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਦੀ ਕੀਮਤ ਤੈਅ ਕਰ ਦਿੱਤੀ ਹੈ। ਸਰਕਾਰ ਨੇ ਇਸਦੀ ਕੀਮਤ 250 ਰੁਪਏ ਨਿਰਧਾਰਤ ਕੀਤੀ ਗਈ ਹੈ। ਨਿੱਜੀ ਹਸਪਤਾਲ ਕੋਵਿਡ-19 ਟੀਕੇ ਪ੍ਰਤੀ ਖੁਰਾਕ ਲਈ 250 ਰੁਪਏ ਤਕਕ ਫੀਸ ਲੈ ਸਕਦੇ ਹਨ। ਦੇਸ਼ 'ਚ ਇਕ ਮਾਰਚ ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ ਗੰਭੀਰ ਬਿਮਾਰੀਆਂ ਤੋਂ ਗ੍ਰਸਤ 45 ਸਾਲਾ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕਰਨ ਦੀ ਤਿਆਰੀ ਚੱਲ ਰਹੀ ਹੈ।
ਕੋਵਿਡ-19 ਟੀਕਾ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਦਿੱਤਾ ਜਾਵੇਗਾ, ਜਦਕਿ ਨਿੱਜੀ ਹਸਪਤਾਲਾਂ 'ਚ ਲੋਕਾਂ ਨੂੰ ਇਸ ਲਈ ਭੁਗਤਾਨ ਕਰਨਾ ਹੋਵੇਗਾ। ਇਕ ਸੂਤਰ ਨੇ ਦੱਸਿਆ, ਟੀਕੇ ਲਈ ਵੱਧ ਤੋਂ ਵੱਧ 250 ਰੁਪਏ ਫੀਸ ਲਈ ਜਾਵੇਗੀ। ਜਿਸ 'ਚ 150 ਰੁਪਏ ਟੀਕੇ ਦੀ ਕੀਮਤ ਅਤੇ 100 ਰੁਪਏ ਸੇਵਾ ਫੀਸ ਹੈ। ਇਹ ਵਿਵਸਥਾ ਅਗਲੇ ਹੁਕਮਾਂ ਤਕ ਜਾਰੀ ਰਹੇਗੀ।
ਵੈਕਸੀਨ ਲਈ ਇਸ ਤਰ੍ਹਾਂ ਕਰਵਾਓ ਖੁਦ ਨੂੰ ਰਜਿਸਟਰ
ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਕਿਹਾ ਸੀ ਆਨ-ਸਾਈਟ ਰਜਿਸਟ੍ਰੇਸ਼ਨ ਕਰਾਉਣ ਦੀ ਸੁਵਿਧਾ ਉਪਲਬਧ ਹੋਵੇਗੀ, ਤਾਂ ਕਿ ਯੋਗ ਲਾਭਪਾਤਰੀ ਆਪਣੀ ਪਸੰਦ ਦੇ ਟੀਕਾਕਰਨ ਕੇਂਦਰ 'ਤੇ ਜਾਕੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਤੇ ਟੀਕਾ ਲਗਵਾਉਣ। ਟੀਕੇ ਦੇ ਲਾਭਪਾਤਰੀ ਕੋ-ਵਿਨ 2.0 ਪੋਰਟਲ ਡਾਊਨਲੋਡ ਕਰਨ ਤੇ ਆਰੋਗਿਆ ਸੇਤੂ ਆਦਿ ਮੋਬਾਇਲ ਐਪ ਜ਼ਰੀਏ ਪਹਿਲਾਂ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਰਜਿਸਟਰ ਕਰਾਉਣ ਲਈ ਦਸਤਾਵੇਜ਼
ਮੰਤਰਾਲੇ ਨੇ ਕਿਹਾ ਸੀ ਕਿ ਸਾਰੇ ਲਾਭਪਾਤਰੀਆਂ ਨੂੰ ਆਪਣੀ ਇਕ ਤਸਵੀਰ ਵਾਲਾ ਪਛਾਣ ਪੱਤਰ, ਆਧਾਰ ਕਾਰਡ, ਵੋਟਰ ਪਛਾਣ ਪੱਤਰ ਆਦਿ ਲੈਕੇ ਟੀਕਾਕਰਨ ਕੇਂਦਰ ਜਾਣਾ ਹੋਵੇਗਾ। ਉੱਥੇ ਹੀ ਕਿਸੇ ਬਿਮਾਰੀ ਤੋਂ ਗ੍ਰਸਤ 45 ਸਾਲ ਤੋਂ ਜ਼ਿਆਦਾ ਉਮਰ ਦੇ ਹੋਣ ਦੀ ਸਥਿਤੀ 'ਚ ਬਿਮਾਰੀ ਤੋਂ ਗ੍ਰਸਤ ਪ੍ਰਮਾਣ ਪੱਤਰ ਵੀ ਨਾਲ ਲਿਆਉਣਾ ਹੋਵੇਗਾ, ਜਿਸ 'ਤੇ ਰਜਿਸਟਰਡ ਡਾਕਟਰ ਦੇ ਦਸਤਖ਼ਤ ਹੋਣੇ ਚਾਹੀਦੇ ਹਨ।