ਇੰਦੌਰ: ਕਾਂਗਰਸ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਆਰਐਸਐਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੰਘ ਸਿਆਸੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਜਦੋਂ ਤਕ ਨੌਕਰੀ ਕਰਦੇ ਹਨ, ਉਦੋਂ ਤਕ ਉਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਨਾਲ ਖੁੱਲ੍ਹ ਕੇ ਨਹੀਂ ਜੁੜਨਾ ਚਾਹੀਦਾ। ਸਰਕਾਰੀ ਦਫ਼ਤਰਾਂ ਵਿੱਚ ਆਰਐਸਐਸ ਦੀਆਂ ਸ਼ਾਖਾਵਾਂ ਲਾਉਣ ਸਬੰਧੀ ਚਿਦੰਬਰਮ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੀ ਸਰਕਾਰ ਆਉਣ ਬਾਅਦ ਉਹ ਇਸ 'ਤੇ ਲਗਾਮ ਕੱਸਣਗੇ। ਇਸ ਤੋਂ ਇਲਾਵਾ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਇਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਤੋਂ ਵੀ ਵਰਜਿਆ ਜਾਏਗਾ।

ਸਿਰਫ ਸਿਆਸਤ ਹੀ ਸੰਘ ਦਾ ਏਜੰਡਾ

ਚਿਦੰਬਰਮ ਨੇ ਪ੍ਰੈੱਸ ਕੰਨਫਰੰਸ ਵਿੱਚ ਕਾਂਗਰਸ ਦੇ ਮੈਨੀਫੈਸਟੋ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੰਘ ਚਾਹੇ ਕਿੰਨਾ ਵੀ ਨਕਾਰ ਲਏ, ਪਰ ਉਨ੍ਹਾਂ ਦਾ ਏਜੰਡਾ ਸਿਰਫ ਸਿਆਸੀ ਹੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਮੈਨੀਫੈਸਟੋ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਸੰਘ ਦੀਆਂ ਸ਼ਾਖ਼ਾਵਾਂ ਉੱਤੇ ਨਕੇਲ ਕੱਸਣ ਦਾ ਜ਼ਿਕਰ ਕੀਤਾ ਗਿਆ ਹੈ।

2019 ’ਚ ਮਹਾਂਗਠਜੋੜ ਦੀ ਜਿੱਤ ਤੈਅ

ਉਨ੍ਹਾਂ ਉਮੀਦ ਜਤਾਈ ਕਿ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹ ਖੇਤਰੀ ਪਾਰਟੀਆਂ ਨਾਲ ਗਠਜੋੜ ਬਣਾਉਣ ਵਿੱਚ ਸਫ਼ਲ ਹੋਣਗੇ। ਜੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਗਠਜੋੜ ਜਿੱਤ ਗਿਆ ਤਾਂ ਆਮ ਚੋਣਾਂ ਵਿੱਚ ਵੀ ਮਹਾਂਗਠਜੋੜ ਦੀ ਜਿੱਤ ਹੋਏਗੀ।

ਇਸ ਦੌਰਾਨ ਉਨ੍ਹਾਂ ਆਪਣੇ ਮੁੰਡੇ ਕਾਰਤੀ ਚਿਦੰਬਰਮ ਉੱਤੇ ਲੱਗੇ ਇਲਜ਼ਾਮਾਂ ਬਾਰੇ ਚੁੱਪ ਸਾਧ ਰੱਖਾ। ਪੱਤਰਕਾਰਾਂ ਨੂੰ ਇਸ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਹਨ।