ਬਲੀਆ: ਸੰਨ 1947 ਵਿੱਚ ਦੇਸ਼ ਦੀ ਵੰਡ ਲਈ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਜ਼ਿੰਮੇਵਾਰ ਸੀ। ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਇਹ ਦਾਅਵਾ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਰਾਜਭਰ ਦੇ ਬਿਆਨ ਨੂੰ ਕਈ ਪੱਖਾਂ ਤੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਰਾਜਭਰ ਨੇ 2017 ਦੀਆਂ ਯੂਪੀ ਚੋਣਾਂ ਬੀਜੇਪੀ ਨਾਲ ਮਿਲ ਕੇ ਲੜੀਆਂ ਸਨ ਤੇ ਉਹ ਸੂਬੇ ’ਚ ਮੰਤਰੀ ਵੀ ਰਹੇ ਸੀ। ਹੁਣ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਬਣਾ ਲਿਆ ਹੈ।


ਦੱਸ ਦਈਏ ਕਿ ਰਾਜਭਰ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਮੁਹੰਮਦ ਅਲੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੁੰਦਾ ਤਾਂ ਮੁਲਕ ਦੀ ਵੰਡ ਨਹੀਂ ਹੋਣੀ ਸੀ। ਆਪਣੇ ਬਿਆਨ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੁੰਦਾ ਤਾਂ ਭਾਰਤ ਇੱਕ ਵੱਡਾ ਮੁਲਕ ਹੁੰਦਾ ਤੇ ਇੰਨੀਆਂ ਸਮੱਸਿਆਵਾਂ ਪੈਦਾ ਨਹੀਂ ਹੋਣੀਆਂ ਸਨ।


ਉਨ੍ਹਾਂ ਕਿਹਾ,‘‘ਭਾਰਤ ਦੀ ਵੰਡ ਲਈ ਜਿਨਾਹ ਨਹੀਂ ਸਗੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਜ਼ਿੰਮੇਵਾਰ ਹੈ। ਵਿਵਾਦ ਦਾ ਮਾਹੌਲ ਸੰਘ ਵੱਲੋਂ ਹੀ ਪੈਦਾ ਕੀਤਾ ਗਿਆ ਸੀ।’’ ਰਾਜਭਰ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਗੋਵਿੰਦ ਵੱਲਭ ਪੰਤ ਜਿਹੇ ਆਗੂਆਂ ਨੇ ਵੀ ਜਿਨਾਹ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਮੁਲਕ ਦੀ ਆਜ਼ਾਦੀ ’ਚ ਆਪਣਾ ਯੋਗਦਾਨ ਪਾਇਆ ਸੀ। ‘ਜਿਨਾਹ ਮੁਲਕ ਲਈ ਲੜਿਆ ਸੀ। ਉਸ ਨੂੰ ਆਜ਼ਾਦੀ ਮਗਰੋਂ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ।’


ਯਾਦ ਰਹੇ ਰਾਜਭਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਕਿਸਤਾਨ ਦੇ ਬਾਨੀ ਜਿਨਾਹ ਦੀ ਤੁਲਨਾ ਸੁਤੰਤਰਤਾ ਸੰਗਰਾਮੀਆਂ ਮਹਾਤਮਾ ਗਾਂਧੀ, ਵੱਲਭਭਾਈ ਪਟੇਲ ਤੇ ਜਵਾਹਰਲਾਲ ਨਹਿਰੂ ਨਾਲ ਕੀਤੀ ਸੀ। ਹਰਦੋਈ ’ਚ ਇੱਕ ਰੈਲੀ ਦੌਰਾਨ ਯਾਦਵ ਨੇ ਕਿਹਾ ਸੀ,‘‘ਸਰਦਾਰ ਪਟੇਲ, ਰਾਸ਼ਟਰਪਿਤਾ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਤੇ ਜਿਨਾਹ ਇਕੋ ਵਿਦਿਅਕ ਅਦਾਰੇ ’ਚੋਂ ਪੜ੍ਹੇ ਸਨ ਅਤੇ ਉਹ ਬੈਰਿਸਟਰ ਬਣੇ। ਉਨ੍ਹਾਂ ਮੁਲਕ ਨੂੰ ਆਜ਼ਾਦੀ ਦਿਵਾਉਣ ’ਚ ਸਹਾਇਤਾ ਕੀਤੀ ਤੇ ਕਦੇ ਵੀ ਕਿਸੇ ਵੀ ਸੰਘਰਸ਼ ਤੋਂ ਪਾਸਾ ਨਹੀਂ ਵੱਟਿਆ ਸੀ।’’


ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਖੁਸ਼ਖਬਰੀ! ਸਰਕਾਰ ਨੇ ਦਿੱਤੀ ਵੱਡੀ ਰਾਹਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904