ਨਵੀਂ ਦਿੱਲੀ: ਜੀਐਸਟੀ ਲਾਗੂ ਹੋਣ ਤੋਂ ਬਾਅਦ ਛੋਟੇ ਕਾਰੋਬਾਰੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ 'ਤੇ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਨਾਲ ਜੁੜੀਆਂ ਜਥੇਬੰਦੀਆਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੇ ਜੀਐਸਟੀ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੂੰ ਰਾਹਤ ਦਿੱਤੀ ਜਾਵੇ।
ਸੂਤਰਾਂ ਮੁਤਾਬਕ, ਛੋਟੇ ਕਾਰੋਬੀਆਂ ਨੂੰ ਜੀਐਸਟੀ ਲਾਗੂ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਅਜਿਹੇ ਕਾਰੋਬਾਰੀਆਂ ਲਈ ਕੰਪੋਜੀਸ਼ਨ ਸਕੀਮ 1.5 ਕਰੋੜ ਰੁਪਏ ਹੈ। ਉੱਥੇ ਅਜਿਹੇ ਕਾਰੋਬਾਰੀ ਆਪਣੇ ਸਾਮਾਨ ਨੂੰ ਦੂਜੇ ਸੂਬੇ 'ਚ ਵੇਚਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਛੋਟ ਨਹੀਂ ਮਿਲਦੀ।
ਆਰਐਸਐਸ ਨਾਲ ਜੁੜੀ ਜਥੇਬੰਦੀ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਓਮ ਪ੍ਰਕਾਸ਼ ਮਿੱਤਲ ਨੇ ਕਿਹਾ ਕਿ ਜੀਐਸਟੀ ਕਾਰਨ ਮੱਧ ਪ੍ਰਦੇਸ਼ ਦੇ ਮੁਰੈਨਾ ਦਾ ਕਾਰੋਬਾਰੀ ਆਪਣਾ ਸਾਮਾਨ ਕੁਝ ਕਿਲੋਮੀਟਰ ਦੂਰ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ 'ਚ ਨਹੀਂ ਵੇਚ ਸਕਦਾ। ਇਹੋ ਜਿਹਾ ਹਾਲ ਪੂਰੇ ਮੁਲਕ ਦੇ ਛੋਟੇ ਕਾਰੋਬਾਰੀਆਂ ਦਾ ਹੈ।
ਆਰਐਸਐਸ ਦੇ ਕਾਰੋਬਾਰੀ ਸੰਗਠਨ ਨਾਲ ਜੁੜੇ ਨੇਤਾਵਾਂ ਨੇ ਇਸ ਸਬੰਧੀ 'ਚ ਭਾਜਪਾ ਉਪ ਪ੍ਰਧਾਨ ਵਿਨੇ ਸਹਸਤਰਬੁੱਧੇ ਤੇ ਕੇਂਦਰੀ ਮੰਤਰੀ ਅਰੁਣ ਜੇਟਲੀ ਤੇ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਕੇ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ।