ਨਵੀਂ ਦਿੱਲੀ: ਜੇਕਰ ਤੁਸੀਂ ਦੁਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਹੋ ਤਾਂ ਤੁਹਾਡੇ ਲਈ ਇਹ ਅਤਿ ਜ਼ਰੂਰੀ ਖ਼ਬਰ ਹੈ। ਹੁਣ ਕਾਰ ਤੇ ਦੁਪਹੀਆ ਵਾਹਨ ਖਰੀਦਦੇ ਸਮੇਂ ਹੀ ਤੁਹਾਨੂੰ ਤਿੰਨ ਜਾਂ ਪੰਜ ਸਾਲ ਦਾ ਬੀਮਾ ਲਾਜ਼ਮੀ ਤੌਰ 'ਤੇ ਕਰਵਾਉਣਾ ਹੀ ਪਵੇਗਾ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਪਹਿਲੀ ਸਤੰਬਰ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜਿਨ੍ਹਾਂ ਮੁਤਾਬਕ ਹੁਣ ਨਵਾਂ ਵਾਹਨ ਖਰੀਦਣ ਸਮੇਂ ਹੀ ਤੁਹਾਨੂੰ ਚਿਰ-ਮਿਆਦੀ ਬੀਮਾ ਖਰੀਦਣਾ ਹੀ ਹੋਵੇਗਾ। ਇਸ ਫੈਸਲੇ ਪਿੱਛੇ ਇਰਡਾ ਦਾ ਤਰਕ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਵਾਹਨ ਚਾਲਕ ਹਰ ਸਾਲ ਬੀਮਾ ਨਵਿਆਉਂਦੇ ਹੀ ਨਹੀਂ।


ਕੀ ਹੈ ਨਵਾਂ ਨਿਯਮ

ਦੁਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਹੁਣ ਪੰਜ ਸਾਲ ਦਾ ਥਰਡ ਪਾਰਟੀ ਬੀਮਾ ਕਰਵਾਉਣਾ ਹੋਵੇਗਾ। ਉੱਥੇ ਹੀ ਕਾਰ ਖਰੀਦਣ ਸਮੇਂ ਤਿੰਨ ਸਾਲ ਦਾ ਬੀਮਾ ਕਰਵਾਉਣਾ ਹੋਵੇਗਾ। ਫਿਲਹਾਲ, ਇੱਕ ਸਾਲ ਦੇ ਬੀਮੇ ਨਾਲ ਕੰਮ ਚੱਲਦਾ ਹੈ ਅਤੇ ਸਾਲ ਪੂਰਾ ਹੋਣ ਤੋਂ ਬਾਅਦ ਇਸ ਨੂੰ ਨਵਿਆਉਣਾ ਪੈਂਦਾ ਹੈ।

ਵਧੀਆਂ ਇੰਸ਼ੋਰੈਂਸ ਦੀਆਂ ਕੀਮਤਾਂ

ਤਿੰਨ ਸਾਲ ਦੀ ਮਿਆਦ ਲਈ 1000 ਸੀਸੀ ਤੋਂ ਘੱਟ ਵਾਲੇ ਵਾਹਨਾਂ ਲਈ ਥਰਡ ਪਾਰਟੀ ਬੀਮਾ 5286 ਰੁਪਏ, 1000-1500 ਸੀਸੀ ਵਾਲੇ ਵਾਹਨਾਂ ਲਈ 9534 ਰੁਪਏ ਅਤੇ 1500 ਸੀਸੀ ਤੋਂ ਵੱਡੇ ਵਾਹਨਾਂ ਲਈ 24,305 ਰੁਪਏ ਹੋਵੇਗੀ। ਉੱਥੇ ਹੀ ਦੁਪਹੀਆ ਵਾਹਨਾਂ ਲਈ 75 ਸੀਸੀ ਤੋਂ ਘੱਟ ਇੰਜਣ ਸਮਰੱਥਾ ਵਾਲੇ ਵਾਹਨਾਂ ਲਈ ਪੰਜ ਸਾਲ ਦਾ ਥਰਡ ਪਾਰਟੀ ਬੀਮਾ 1045 ਰੁਪਏ, 75-150 ਸੀਸੀ ਵਾਹਨਾਂ ਲਈ 3285 ਰੁਪਏ, 150-350 ਸੀਸੀ ਵਾਹਨਾਂ ਲਈ 5453 ਰੁਪਏ ਅਤੇ 350 ਸੀਸੀ ਤੋਂ ਵੱਧ ਇੰਜਣ ਸਮਰੱਥਾ ਵਾਲੇ ਵਾਹਨਾਂ ਦਾ ਥਰਡ ਪਾਰਟੀ ਬੀਮਾ ਕਰਵਾਉਣ ਲਈ 13,034 ਰੁਪਏ ਅਦਾ ਕਰਨੇ ਪੈਣਗੇ।