S Jaishankar News: ਵਿਦੇਸ਼ ਮੰਤਰੀ ਐਸ ਜੈਸ਼ੰਕਰ ਜੋ ਕਿ ਇਨ੍ਹੀਂ ਦਿਨੀਂ ਅਮਰੀਕਾ ਦੌਰੇ 'ਤੇ ਹਨ। ਜਿਸ ਕਰਕੇ ਉਹ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ। 29 ਸਤੰਬਰ ਦਿਨ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਕਲਪ 'ਤੇ ਦੂਜਿਆਂ ਤੋਂ ਸਿੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਇਸ਼ਾਰਾ ਕੈਨੇਡਾ ਵੱਲ ਸੀ, ਜਿਸ ਨਾਲ ਭਾਰਤ ਇਨ੍ਹੀਂ ਦਿਨੀਂ ਕੂਟਨੀਤਕ ਟਕਰਾਅ ਦਾ ਸਾਹਮਣਾ ਕਰ ਰਿਹਾ ਹੈ। ਜੈਸ਼ੰਕਰ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਨੂੰ ਹਿੰਸਾ ਭੜਕਾਉਣ ਤੱਕ ਨਹੀਂ ਵਧਾਇਆ ਜਾਣਾ ਚਾਹੀਦਾ।



ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘ਮੈਂ ਇਹ ਗੱਲਾਂ ਅਮਰੀਕਾ ਵਿੱਚ ਵੀ ਕਹੀਆਂ ਹਨ ਅਤੇ ਮੈਂ ਕੈਨੇਡੀਅਨ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ। ਅਸੀਂ ਲੋਕਤੰਤਰੀ ਦੇਸ਼ ਹਾਂ। ਸਾਨੂੰ ਦੂਜੇ ਲੋਕਾਂ ਤੋਂ ਸਿੱਖਣ ਦੀ ਲੋੜ ਨਹੀਂ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਕੀ ਹੁੰਦੀ ਹੈ, ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰਗਟਾਵੇ ਦੀ ਆਜ਼ਾਦੀ ਹਿੰਸਾ ਨੂੰ ਭੜਕਾਉਣ ਦੇ ਪੱਧਰ ਤੱਕ ਨਹੀਂ ਪਹੁੰਚਣੀ ਚਾਹੀਦੀ। ਸਾਡੇ ਲਈ, ਇਹ ਆਜ਼ਾਦੀ ਦੀ ਦੁਰਵਰਤੋਂ ਹੈ। ਇਹ ਆਜ਼ਾਦੀ ਦੀ ਰੱਖਿਆ ਨਹੀਂ ਹੈ'।


ਜੈਸ਼ੰਕਰ ਨੇ ਇਹ ਸਵਾਲ ਕੀਤਾ


ਵਿਦੇਸ਼ ਮੰਤਰੀ ਨੇ ਅੱਗੇ ਸਵਾਲ ਕੀਤਾ ਕਿ ਜੇਕਰ ਭਾਰਤ ਦੀ ਥਾਂ ਕੋਈ ਹੋਰ ਦੇਸ਼ ਹੁੰਦਾ ਤਾਂ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ? ਜਿੱਥੇ ਤੁਹਾਡੇ ਡਿਪਲੋਮੈਟਾਂ, ਦੂਤਾਵਾਸਾਂ ਅਤੇ ਨਾਗਰਿਕਾਂ ਨੂੰ ਹਮੇਸ਼ਾ ਡਰ ਦੇ ਮਾਹੌਲ ਵਿੱਚ ਰਹਿਣਾ ਪੈਂਦਾ ਹੈ। ਉਸ ਨੇ ਕਿਹਾ, 'ਜੇ ਤੁਸੀਂ ਮੇਰੀ ਜਗ੍ਹਾ ਹੁੰਦੇ, ਤਾਂ ਤੁਸੀਂ ਕਿਵੇਂ ਪ੍ਰਤੀਕਿਰਿਆ ਕਰਦੇ? ਜੇ ਇਹ ਤੁਹਾਡੇ ਡਿਪਲੋਮੈਟ, ਤੁਹਾਡੀ ਦੂਤਾਵਾਸ, ਤੁਹਾਡੇ ਲੋਕ ਹੁੰਦੇ, ਤਾਂ ਤੁਹਾਡੀ ਪ੍ਰਤੀਕਿਰਿਆ ਕਿਵੇਂ ਹੁੰਦੀ? ਦਰਅਸਲ ਕੈਨੇਡਾ 'ਚ ਮੌਜੂਦ ਖਾਲਿਸਤਾਨੀ ਅੱਤਵਾਦੀਆਂ ਕਾਰਨ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ।


ਦੂਤਘਰ 'ਤੇ ਹਮਲੇ ਨੂੰ ਲੈ ਕੇ ਅਮਰੀਕਾ ਨਾਲ ਗੱਲਬਾਤ


ਇਸ ਦੇ ਨਾਲ ਹੀ ਜਦੋਂ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਪੁੱਛਿਆ ਗਿਆ ਕਿ ਇਸ ਸਾਲ ਜੁਲਾਈ 'ਚ ਸੈਨ ਫਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ 'ਤੇ ਹੋਏ ਹਮਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ 'ਤੇ ਜੈਸ਼ੰਕਰ ਨੇ ਕਿਹਾ ਕਿ ਇਹ ਮੁੱਦਾ ਅਮਰੀਕਾ ਕੋਲ ਉਠਾਇਆ ਗਿਆ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਮੁੱਦਾ ਉਠਾਇਆ ਹੈ। ਹੁਣ ਤੁਸੀਂ ਪੁੱਛੋਗੇ ਕਿ ਇਸ ਦਾ ਕੀ ਹਾਲ ਹੈ, ਤਾਂ ਇਸ ਵੇਲੇ ਗੱਲਬਾਤ ਚੱਲ ਰਹੀ ਹੈ। ਮੈਂ ਇਸ ਮੁੱਦੇ ਲਈ ਸਮਾਂ ਸਮਰਪਿਤ ਕੀਤਾ ਹੈ। ਅਸੀਂ ਹੋਰ ਮੁੱਦਿਆਂ ਬਾਰੇ ਵੀ ਗੱਲ ਕੀਤੀ ਹੈ। ਅਸੀਂ ਕਈ ਮੁੱਦਿਆਂ 'ਤੇ ਇਕੱਠੇ ਹਾਂ'।