ਮੈਲਬਰਨ: ਸਚਿਨ ਤੇਂਦੁਲਕਰ ਨੇ ਖੇਡ ਨਾਲ ਜੁੜੇ ਸਾਜੋ-ਸਾਮਾਨ ਬਣਾਉਣ ਵਾਲੀ ਆਸਟ੍ਰੇਲੀਆਈ ਕੰਪਨੀ ਸਪਾਰਟਨ ‘ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਸਚਿਨ ਦੇ ਨਾਂ ਤੇ ਤਸਵੀਰ ਦਾ ਇਸਤੇਮਾਲ ਕੀਤਾ ਹੈ। ਸਚਿਨ ਨੇ ਇਸ ਲਈ ਸਪਾਰਟਨ ‘ਤੇ 20 ਲੱਖ ਡਾਲਰ ਕਰੀਬ 14 ਕਰੋੜ ਰੁਪਏ ਦੀ ਰਾਇਲਟੀ ਦੀ ਮੰਗ ਕੀਤੀ ਹੈ।

ਨਿਊਜ਼ ਏਜੰਸੀ ਰਾਈਟਰਸ ਨੇ ਦਸਤਾਵੇਜ਼ਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ 2016 ‘ਚ ਸਚਿਨ ਤੇ ਸਪਾਰਟਨ ‘ਚ ਡੀਲ ਹੋਈ ਸੀ। ਇਸ ਤਹਿਤ ਇੱਕ ਸਾਲ ਤਕ ਆਪਣੇ ਉਤਪਾਦਾਂ ‘ਤੇ ਸਚਿਨ ਦੀ ਤਸਵੀਰ ਤੇ ਲੋਗੋ ਦੀ ਵਰਤੋਂ ਕਰਨ ਲਈ ਕੰਪਨੀ ਨੇ ਉਸ ਨੂੰ 10 ਲੱਖ ਡਾਲਰ ਦਾ ਭੁਗਤਾਨ ਕਰਨਾ ਸੀ। ਇਸ ਡੀਲ ਮੁਤਾਬਕ ਸਪਾਰਟਨ ‘ਸਚਿਨ ਬਾਈ ਸਪਾਰਟਨ’ ਟੈਗਲਾਈਨ ਵੀ ਇਸਤੇਮਾਲ ਕਰ ਸਕਦਾ ਸੀ।

ਸਚਿਨ, ਸਪਾਰਟਨ ਦੇ ਉਤਪਾਦਾਂ ਦੇ ਪ੍ਰਚਾਰ ਲਈ ਲੰਦਨ ਤੇ ਮੁੰਬਈ ‘ਚ ਪ੍ਰਮੋਸ਼ਨਲ ਇਵੈਂਟ ‘ਚ ਵੀ ਗਏ ਸੀ। ਜਦਕਿ ਸਤੰਬਰ 2018 ਤਕ ਕੰਪਨੀ ਨੇ ਉਨ੍ਹਾਂ ਨੂੰ ਇੱਕ ਵਾਰ ਵੀ ਭੁਗਤਾਨ ਨਹੀ ਕੀਤਾ। ਇਸ ਤੋਂ ਬਾਅਦ ਸਚਿਨ ਨੇ ਕੰਪਨੀ ਤੋਂ ਪੈਮੈਂਟ ਦੀ ਮੰਗ ਕੀਤੀ ਜਦੋਂ ਜਵਾਬ ਨਾ ਮਿਲਿਆ ਤਾਂ ਸਚਿਨ ਨੇ ਡੀਲ ਰੱਦ ਕਰ ਦਿੱਤੀ। ਇਸ ਤੋਂ ਬਾਅਦ ਵੀ ਕੰਪਨੀ ਨੇ ਸਚਿਨ ਦੇ ਨਾਂ ਤੇ ਤਸਵੀਰਾਂ ਦੀ ਵਰਤੋਂ ਕੀਤੀ। ਇਸ ਮਾਮਲੇ ‘ਚ ਕੰਪਨੀ ਦੇ ਚੀਫ ਆਪ੍ਰੇਟਿੰਗ ਅਫਸਰ ਤੇ ਸਚਿਨ ਦਾ ਕੇਸ ਦੇਖ ਰਹੀ ਲਾਅ ਫਰਮ ਨੇ ਵੀ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ।