ਬਿਸ਼ਕੇਕ (ਕਿਰਗਿਸਤਾਨ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਮੇਲਨ (ਐਸਸੀਓ) ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਇੱਕਜੁੱਟਤਾ 'ਤੇ ਜ਼ੋਰ ਦੇ ਕੇ ਗੱਲ ਕੀਤੀ। ਖ਼ਾਸ ਗੱਲ ਇਹ ਸੀ ਕਿ ਇਸ ਦੌਰਾਨ ਪੀਐਮ ਦੋ ਵਾਰ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਦੇ ਸਾਹਮਣੇ ਆਏ, ਪਰ ਉਨ੍ਹਾਂ ਇਮਰਾਨ ਖ਼ਾਨ ਵੱਲ ਅੱਖ ਚੁੱਕ ਕੇ ਵੇਖਿਆ ਤਕ ਨਹੀਂ।

ਮੋਦੀ ਨੇ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਇਸ ਦੇ ਲਈ ਭਾਰਤ ਕੌਮਾਂਤਰੀ ਸੰਮੇਲਨ ਬੁਲਾਏਗਾ। ਮੋਦੀ ਨੇ ਵੀਰਵਾਰ ਨੂੰ ਦੋਪੱਖੀ ਬੈਠਕ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸਾਹਮਣੇ ਅੱਤਵਾਦ ਦਾ ਮੁੱਦਾ ਚੁੱਕਿਆ। ਐਸਸੀਓ ਵਿੱਚ ਨਰੇਂਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਚਾਲੇ ਕੋਈ ਮੁਲਾਕਾਤ ਨਹੀਂ ਹੋਈ। ਵੀਰਵਾਰ ਨੂੰ ਐਸਸੀਓ ਲੀਡਰਾਂ ਨੂੰ ਗੈਰ-ਰਸਮੀ ਖਾਣੇ 'ਤੇ ਵੀ ਬੁਲਾਇਆ ਗਿਆ ਤੇ ਇਸ ਦੇ ਅਗਲੇ ਦਿਨ ਮੰਚ 'ਤੇ ਸਾਰੇ ਲੀਡਰਾਂ ਨੂੰ ਗਰੁੱਪ ਫੋਟੋ ਲਈ ਬੁਲਾਇਆ ਗਿਆ ਪਰ ਦੋਵਾਂ ਮੌਕਿਆਂ 'ਤੇ ਮੋਦੀ ਨੇ ਇਮਰਾਨ ਖ਼ਾਨ ਨੂੰ ਵੇਖਿਆ ਤਕ ਨਹੀਂ।

ਭਾਰਤ ਕਹਿ ਚੁੱਕਿਆ ਹੈ ਕਿ ਐਸਸੀਓ ਵਿੱਚ ਮੋਦੀ ਤੇ ਇਮਰਾਨ ਖ਼ਾਨ ਦੀ ਬੈਠਕ ਦਾ ਕੋਈ ਪ੍ਰੋਗਰਾਮ ਨਹੀਂ ਹੈ। ਹਾਲਾਂਕਿ ਮੋਦੀ ਨੇ ਪਿਛਲੇ ਸਾਲ ਚੀਨ ਵਿੱਚ ਹੋਏ ਸੰਮੇਲਨ ਦੌਰਾਨ ਤਤਕਾਲੀ ਪਾਕਿਸਤਾਨ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਹੱਥ ਮਿਲਾਇਆ ਸੀ। ਜ਼ਿਕਰਯੋਗ ਹੈ ਕਿ ਬਿਸ਼ਕੇਕ ਜਾਣ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਭਾਰਤ-ਪਾਕਿ ਦੇ ਰਿਸ਼ਤੇ ਇਸ ਵੇਲੇ ਸਭ ਤੋਂ ਹੇਠਲੇ ਪੱਧਰ 'ਤੇ ਹਨ। ਉਮੀਦ ਹੈ ਕਿ ਪੀਐਮ ਮੋਦੀ ਆਮ ਚੋਣਾਂ ਵਿੱਚ ਮਿਲੇ ਬਹੁਮਤ ਦਾ ਇਸਤੇਮਾਲ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਕਰਨਗੇ।