ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਐਲਿਸ ਜੀ ਵੇਲਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੀ ਰੱਖਿਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਤਿਆਰ ਹੈ ਪਰ ਰੂਸੀ ਐਸ-400 ਸਿਸਟਮ ਇਸ ਵਿੱਚ ਅੜਿੱਕਾ ਬਣ ਰਿਹਾ ਹੈ। ਭਾਰਤ-ਰੂਸ ਕਰਾਰ ਨਾਲ ਅਮਰੀਕਾ ਦਾ ਸਹਿਯੋਗ ਸੀਮਤ ਹੋ ਜਾਏਗਾ।

ਐਲਿਸ ਨੇ ਏਸ਼ੀਆ ਨਾਲ ਜੁੜੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਨੂੰ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਅਮਰੀਕਾ-ਭਾਰਤ ਵਿਚਾਲੇ 18 ਅਰਬ ਡਾਲਰ (ਲਗਪਗ 1.25 ਲੱਖ ਕਰੋੜ ਰੁਪਏ) ਦੇ ਰੱਖਿਆ ਸਮਝੌਤੇ ਹੋਏ ਹਨ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਮਾਮਲਿਆਂ ਵਿੱਚ ਕਾਰੋਬਾਰ ਲਗਪਗ ਜ਼ੀਰੋ ਸੀ।

ਦੱਸ ਦੇਈਏ ਡੋਨਲਡ ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਧਮਕੀ ਦਿੰਦਿਆਂ ਕਿਹਾ ਸੀ ਕਿ ਭਾਰਤ ਦਾ ਰੂਸ ਦੇ ਐਸ-400 ਡੀਲ ਦੇ ਕਰਾਰ ਵਾਲਾ ਫੈਸਲਾ ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ 'ਤੇ ਗੰਭੀਰ ਅਸਰ ਪਾਏਗਾ। ਹੁਣ ਐਲਿਸ ਨੇ ਕਿਹਾ ਹੈ ਕਿ ਹਾਲੇ ਵੀ ਭਾਰਤ ਦੇ 70 ਫੀਸਦੀ ਮਿਲਟਰੀ ਹਾਰਡ ਵੇਅਰ ਰੂਸੀ ਹਨ। ਅਜਿਹੇ ਵਿੱਚ ਭਾਰਤ ਨੂੰ ਤੈਅ ਕਰਨਾ ਹੋਏਗਾ ਕਿ ਉਸ ਨੂੰ ਸਿਰਫ ਰੂਸ 'ਤੇ ਹੀ ਨਿਰਭਰ ਰਹਿਣਾ ਹੈ ਜਾਂ ਅਮਰੀਕਾ ਨਾਲ ਦੋਸਤੀ ਅੱਗੇ ਵਧਾਉਣੀ ਹੈ। ਹੁਣ ਭਾਰਤ ਨੂੰ ਆਪਣੀ ਤਰਜੀਹ ਤੈਅ ਕਰਨਾ ਪਏਗੀ।