ਵਾਸ਼ਿੰਗਟਨ: ਇਸ ਸਮੇਂ ਵਿਸ਼ਵ ਕੱਪ ਦੀ ਖ਼ੁਮਾਰੀ ਹੌਲੀ-ਹੌਲੀ ਸਿਖਰਾਂ ਵੱਲ ਪਹੁੰਚ ਰਹੀ ਹੈ। ਇਸੇ ਦਰਮਿਆਨ ਗੂਗਲ ਦੇ ਮੁਖੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਦੇ ਵਿਸ਼ਵ ਕੱਪ ਵਿੱਚ ਭਾਰਤ ਫਾਈਨਲ ਤਕ ਪਹੁੰਚੇਗਾ। ਭਾਰਤੀ ਮੂਲ ਦੇ ਸੁੰਦਰ ਪਿਚਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ ਵਿਸ਼ਵ ਕੱਪ (ICC World Cup 2019) ਦਾ ਫਾਈਨਲ ਭਾਰਤ ਅਤੇ ਮੇਜ਼ਬਾਨ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ। ਉਨ੍ਹਾਂ ਇੱਛਾ ਜਤਾਈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਜੇਤੂ ਬਣੇ।


ਖੁਦ ਨੂੰ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਕਰਾਰ ਦਿੰਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਬੇਸਬਾਲ ਥੋੜ੍ਹਾ ਚੁਨੌਤੀਪੂਰਨ ਲੱਗਾ ਸੀ। ਪਿਚਾਈ ਨੇ ਯੂਐਸਆਈਬੀਸੀ ਦੀ ਇੰਡੀਆ ਆਈਡਿਆਜ਼ ਸਮਿਟ ਵਿੱਚ ਕਿਹਾ ਕਿ ਇਹ (ਆਈਸੀਸੀ ਵਿਸ਼ਵ ਕੱਪ ਫਾਈਨਲ) ਇੰਗਲੈਂਡ ਅਤੇ ਭਾਰਤ ਵਿਚਕਾਰ ਹੋਣਾ ਚਾਹੀਦਾ ਪਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਬਹੁਤ ਚੰਗੀਆਂ ਹਨ।

ਯੂਐਸਆਈਬੀਸੀ ਦੇ ਮੁਖੀ ਨਿਸ਼ਾ ਦੇਸਾਈ ਬਿਸਵਾਲ ਦੇ ਸਵਾਲ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਪੁੱਛਿਆ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਫਾਈਨਲ ਮੈਚ ਕਿਸ ਵਿਚਕਾਰ ਹੋਵੇਗਾ? ਪਿਚਾਈ ਨੇ ਅਮਰੀਕਾ ਵਿੱਚ ਕ੍ਰਿਕਟ ਤੇ ਬੇਸਬਾਲ ਦੇ ਆਪਣੇ ਕੁਝ ਤਜ਼ਰਬੇ ਸਾਂਝੇ ਕੀਤੇ।