ਨਵੀਂ ਦਿੱਲੀ: ਲੰਡਨ ਦਾ ਸਿੱਖ ਭਾਈਚਾਰਾ ਪੀਟਰ ਵਿਰਦੀ ਫਾਊਂਡੇਸ਼ਨ ਦੀ ਮਦਦ ਨਾਲ ਪਾਕਿਸਤਾਨ ਨੂੰ 500 ਮਿਲੀਅਨ ਪੌਂਡ ਯਾਨੀ ਤਕਰੀਬਨ 44,03,09,97,000 ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹਨ। ਇਹ ਨਿਵੇਸ਼ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਕੌਰੀਡੋਰ ਲਈ ਕੀਤਾ ਜਾਵੇਗਾ। ਇੰਨੀ ਵੱਡੀ ਰਾਸ਼ੀ ਦਾ ਲੈਣ-ਦੇਣ ਸਾਹਮਣੇ ਆਉਂਦੇ ਹੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ।


ਯੂਕੇ ਦੇ ਸਿੱਖਾਂ ਨੇ ਇਹ ਕਰਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਤੇ ਪਾਕਿਸਤਾਨ ਸੈਰ ਸਪਾਟਾ ਬੋਰਡ ਦੇ ਚੇਅਰਮੈਨ ਸਈਅਦ ਜ਼ੁਲਫੀਕਾਰ ਬੁਖ਼ਾਰੀ ਨਾਲ ਲੰਡਨ ਵਿੱਚ 10 ਜੂਨ ਨੂੰ ਹੋਈ ਬੈਠਕ ਵਿੱਚ ਕੀਤਾ ਗਿਆ। ਸਿੱਖ ਫੈਡਰੇਸ਼ਨ ਦੇ ਸਕੱਤਰ ਗੁਰਜੀਤ ਵੱਲੋਂ ਪ੍ਰੈੱਸ ਨੂੰ ਜਾਰੀ ਬਿਆਨ ਮੁਤਾਬਕ ਸੈਂਟਰਲ ਗੁਰਦੁਆਰਾ (ਖ਼ਾਲਸਾ ਜੱਥਾ), ਲੰਡਨ, ਪੀਟਰ ਵਿਰਦੀ ਫਾਊਂਡੇਸ਼ਨ ਦੇ ਸਮਰਥਕ ਤੇ ਹੋਰਾਂ ਨੇ ਇਸ ਵਿੱਚ ਸਹਿਯੋਗ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਸਿੱਖਾਂ ਨੇ ਇਸ ਪੈਸੇ ਨਾਲ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨਾਲ-ਨਾਲ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਤਕ ਸ਼ਰਧਾਲੂਆਂ ਦੀ ਪਹੁੰਚ ਸੌਖੀ ਬਣਾਉਣ ਲਈ ਅਤਿ-ਆਧੁਨਿਕ ਬੱਸਾਂ ਨੂੰ ਨਿਸ਼ਕਾਮ ਸੇਵਾ ਹਿਤ ਚਲਾਉਣ ਦਾ ਫੈਸਲਾ ਕੀਤਾ ਹੈ। ਇਸ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਕਿ ਕਿਤੇ ਇੰਨੀ ਵੱਡੀ ਰਕਮ ਗ਼ਲਤ ਲੋਕਾਂ ਦੇ ਹੱਥਾਂ ਵਿੱਚ ਚਲੀ ਜਾਵੇ। ਗਲਿਆਰਾ ਪ੍ਰਾਜੈਕਟ ਲਈ ਹਾਲੇ ਤਕ ਭਾਰਤ ਵਾਲੇ ਪਾਸੇ ਜਾਰੀ ਪ੍ਰਾਜੈਕਟਾਂ ਲਈ ਕਿਸੇ ਵੀ ਵਿਦੇਸ਼ੀ ਸੰਸਥਾ ਜਾਂ ਵਿਅਕਤੀ ਨੇ ਅਜਿਹੀ ਰੁਚੀ ਨਹੀਂ ਦਿਖਾਈ ਹੈ।