ਸਿਰਸਾ: ਸ਼੍ਰੋਮਣੀ ਅਕਾਲੀ ਦਲ ਦੇ ਕਾਲਾਂਵਾਲੀ ਤੋਂ ਵਿਧਾਇਕ ਬਲਕੌਰ ਸਿੰਘ ਨੇ ਅਕਾਲੀ ਦਲ ਛੱਡ ਕੇ ਬੀਜੇਪੀ ਦਾ ਕਮਲ ਫੜ ਲਿਆ ਹੈ। ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚੋਣਾਂ ਲਈ ਤਿਆਰ ਨਹੀਂ। ਉਨ੍ਹਾਂ ਨੂੰ ਬੀਜੇਪੀ ਤੋਂ ਆਫਰ ਮਿਲਿਆ, ਇਸ ਲਈ ਉਨ੍ਹਾਂ ਆਪਣੇ ਸਿਆਸੀ ਕਰੀਅਰ ਲਈ ਬੀਜੇਪੀ ਦੀ ਮੈਂਬਰਸ਼ਿਪ ਲੈ ਲਈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਿੱਚ ਰਹਿ ਕੇ ਉਹ ਹੁਣ ਤਕ ਆਪਣੇ ਹਲਕੇ ਵਿੱਚ ਜੋ ਕੰਮ ਨਹੀਂ ਕਰ ਪਾਏ, ਉਹ ਹੁਣ ਬੀਜੇਪੀ ਨਾਲ ਜੁੜ ਕੇ ਕਰਨਗੇ।


ਵਿਧਾਇਕ ਬਲਕੌਰ ਸਿੰਘ ਨੇ ਕਿਹਾ ਕਿ ਜੇ ਅਕਾਲੀ ਦਲ ਵੀ ਹਰਿਆਣਾ ਵਿੱਚ ਚੋਣ ਲੜੇ ਤਾਂ ਉਨ੍ਹਾਂ ਦਾ ਸਵਾਗਤ ਹੈ। ਟਿਕਟ ਦੇਣਾ ਬੀਜੇਪੀ ਦੀ ਆਹਲਾ ਕਮਾਨ ਦਾ ਫੈਸਲਾ ਹੋਏਗਾ। ਦਰਅਸਲ ਹਰਿਆਣਾ ਵਿੱਚ ਬੀਜੇਪੀ ਦਾ ਰੁਤਬਾ ਵਧਦਾ ਜਾ ਰਿਹਾ ਹੈ। ਪਾਰਟੀ ਹੋਰ ਪਾਰਟੀਆਂ ਦੇ ਵਿਧਾਇਕਾਂ, ਸਾਬਕਾ ਮੰਤਰੀਆਂ ਤੇ ਵੱਡੇ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਦੀ ਹੀ ਜਾ ਰਹੀ ਹੈ। ਇਸ ਤੋਂ ਇਲਾਵਾ ਮਕਬੂਲ ਕਲਾਕਾਰ ਤੇ ਦਿੱਗਜ ਖਿਡਾਰੀ ਵੀ ਪਾਰਟੀ ਦਾ ਹਿੱਸਾ ਬਣ ਰਹੇ ਹਨ।


ਦੱਸ ਦੇਈਏ ਗਠਜੋੜ ਧਰਮ ਵਿੱਚ ਇਹ ਨਿਯਮ ਹੁੰਦਾ ਹੈ ਕਿ ਤੁਸੀਂ ਜਿਸ ਪਾਰਟੀ ਨਾਲ ਗਠਜੋੜ ਵਿੱਚ ਹੋ, ਉਸ ਪਾਰਟੀ ਦੇ ਲੀਡਰਾਂ ਜਾਂ ਵਿਧਾਇਕਾਂ ਨੂੰ ਤੋੜ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰੋਗੇ ਪਰ ਬੀਜੇਪੀ ਇਸ ਧਰਮ ਜਾਂ ਨਿਯਮ ਦੀ ਉਲੰਘਣਾ ਕਰ ਰਹੀ ਹੈ। ਅਕਾਲੀ ਦਲ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ।