Sagar Wall Collapse: ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਕੰਧ ਡਿੱਗਣ ਕਾਰਨ 9 ਬੱਚਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 4 ਗੰਭੀਰ ਰੂਪ ਵਿੱਚ ਜ਼ਖਮੀ ਹਨ। ਮਰਨ ਵਾਲਿਆਂ ਵਿੱਚ 10 ਤੋਂ 14 ਸਾਲ ਦੀ ਉਮਰ ਦੇ ਬੱਚੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਾਹਪੁਰਾ 'ਚ ਮੰਦਰ ਦੇ ਕੋਲ ਲੋਕ ਸ਼ਿਵਲਿੰਗ ਬਣਾ ਰਹੇ ਸਨ। ਇਸ ਦੌਰਾਨ ਇਹ ਬੱਚੇ ਡਿੱਗਣ ਵਾਲੀ ਕੰਧ ਦੀ ਲਪੇਟ ਵਿੱਚ ਆ ਗਏ।


ਮੱਧ ਪ੍ਰਦੇਸ਼ ਦੇ ਸਾਗਰ 'ਚ ਸ਼ਿਵਲਿੰਗ ਬਣਾ ਰਹੇ ਬੱਚਿਆਂ 'ਤੇ 50 ਸਾਲ ਪੁਰਾਣੇ ਘਰ ਦੀ ਕੰਧ ਡਿੱਗ ਗਈ। ਇਸ ਹਾਦਸੇ 'ਚ 9 ਬੱਚਿਆਂ ਦੀ ਮੌਤ ਹੋ ਗਈ ਜਦਕਿ ਕਈ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਪੀੜਤ ਪਰਿਵਾਰ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।






ਸਾਗਰ ਜ਼ਿਲੇ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼ਾਹਪੁਰਾ ਇਲਾਕੇ ਦੇ ਹਰਦੋਈ ਸ਼ਿਵ ਮੰਦਰ 'ਚ ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥੀ ਸ਼ਿਵਲਿੰਗ ਬਣਾਉਣ ਲਈ ਇਕੱਠੇ ਹੋਏ ਸਨ। ਇੱਥੇ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਭਾਗਵਤ ਕਥਾ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਮੰਦਰ ਦੇ ਅਹਾਤੇ ਦੇ ਨੇੜੇ ਜਿੱਥੇ ਵਿਦਿਆਰਥੀ ਭਗਵਾਨ ਸ਼ਿਵ ਦਾ ਸ਼ਿਵਲਿੰਗ ਬਣਾ ਰਹੇ ਸਨ, ਉੱਥੇ ਮੱਲੂ ਕੁਸ਼ਵਾਹਾ ਨਾਂਅ ਦੇ ਵਿਅਕਤੀ ਦਾ ਘਰ ਸੀ ਜੋ ਕਾਫੀ ਪੁਰਾਣਾ ਸੀ।


ਭਾਰੀ ਮੀਂਹ ਕਾਰਨ ਇਸ ਮਕਾਨ ਦੀ ਕੰਧ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਇਹ ਡਿੱਗ ਕੇ ਵੱਡਾ ਹਾਦਸਾ ਵਾਪਰ ਗਿਆ। ਕੰਧ ਡਿੱਗਣ ਨਾਲ 9 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਗੋਪਾਲ ਭਾਰਗਵ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।


ਐਤਵਾਰ ਹੋਣ ਕਾਰਨ ਸਾਗਰ 'ਚ ਸਕੂਲਾਂ 'ਚ ਛੁੱਟੀ ਸੀ, ਜਿਸ ਕਾਰਨ ਵੱਡੀ ਗਿਣਤੀ 'ਚ ਵਿਦਿਆਰਥੀ ਸ਼ਿਵਲਿੰਗ ਬਣਾਉਣ ਲਈ ਇਕੱਠੇ ਹੋਏ ਸਨ। ਇਸ ਘਟਨਾ 'ਚ ਮਰਨ ਵਾਲੇ ਬੱਚਿਆਂ ਦੀ ਪਛਾਣ ਦਿਵਯਾਂਸ਼, ਵੰਸ਼, ਨਿਤੇਸ਼, ਧਰੁਵ, ਦਿਵਯਰਾਜ, ਸੁਮਿਤ ਪ੍ਰਜਾਪਤੀ, ਖੁਸ਼ੀ, ਪਰਵ ਵਿਸ਼ਵਕਰਮਾ ਵਜੋਂ ਹੋਈ ਹੈ, ਜਦਕਿ ਜ਼ਖਮੀ ਬੱਚਿਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ . ਇਸ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।