ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਤੇ ਪਟਨਾ ਸਾਹਿਬ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ਼ੱਤਰੂਘਨ ਸਿਨ੍ਹਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ੱਤਰੂਘਨ ਨੇ ਬੀਜੇਪੀ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਛੱਡਿਆ।


ਹਾਲਾਂਕਿ, ਆਪਣੀ ਪੁਰਾਣੀ ਪਾਰਟੀ ਬੀਜੇਪੀ ਨੂੰ ਉਹ ਭੁੱਲੇ ਨਹੀਂ ਜਾਪਦੇ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਬੜੇ ਭਰੇ ਮਨ ਨਾਲ ਭਾਜਪਾ ਛੱਡ ਰਹੇ ਹਨ। ਪਿਛਲੇ ਦਿਨੀਂ ਸਿਨ੍ਹਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।


ਕਾਂਗਰਸ ਦੇ ਸੀਨੀਅਰ ਲੀਡਰ ਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਦੀ ਮੌਜੂਦਗੀ ਵਿੱਚ ਸ਼ੱਤਰੂਘਨ ਸਿਨ੍ਹਾ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਹੁਣ ਉਹ ਪਟਨਾ ਸਾਹਿਬ ਤੋਂ ਚੋਣ ਲੜ ਸਕਦੇ ਹਨ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਸ਼ੱਤਰੂਘਨ ਸਿਨ੍ਹਾ ਨੇ ਸਾਫ ਕਰ ਦਿੱਤਾ ਸੀ ਕਿ ਉਹ ਆਪਣਾ ਸੰਸਦੀ ਹਲਕਾ ਨਹੀਂ ਛੱਡਣਗੇ।


ਮਹਾਗਠਜੋੜ ਵਿੱਚ ਜੋ ਸੀਟਾਂ ਦੀ ਵੰਡ ਹੋਈ ਹੈ, ਉਸ ਵਿੱਚ ਪਟਨਾ ਸਾਹਿਬ ਦੀ ਸੀਟ ਸਮੇਤ ਕੁੱਲ ਨੌਂ ਸੀਟਾਂ ਕਾਂਗਰਸ ਦੇ ਖਾਤੇ ਵਿੱਚ ਪਈਆਂ ਹਨ। ਅਜਿਹੇ ਵਿੱਚ ਤੈਅ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਪਟਨਾ ਸਾਹਿਬ ਤੋਂ ਟਿਕਟ ਦੇਵੇਗੀ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਨੂੰਨ ਮੰਤਰੀ ਤੇ ਭਾਜਪਾ ਉਮੀਦਵਾਰ ਰਵੀ ਸ਼ੰਕਰ ਪ੍ਰਸਾਦ ਨਾਲ ਹੋ ਸਕਦਾ ਹੈ।