ਨਵੀਂ ਦਿੱਲੀ: ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਲੰਮੇ ਸਮੇਂ ਤੋਂ ਗਠਜੋੜ ਬਾਰੇ ਜਾਰੀ ਗੱਲਬਾਤ ਸਿਰੇ ਚੜ੍ਹ ਗਈ ਜਾਪਦੀ ਹੈ। ਸੂਤਰਾਂ ਮੁਤਾਬਕ ਦੋਵੇਂ ਪਾਰਟੀਆਂ ਦਿੱਲੀ ਤੇ ਹਰਿਆਣਾ ਵਿੱਚ ਗਠਜੋੜ ਕਰਨ ਲਈ ਸਹਿਮਤ ਹੋ ਗਈਆਂ ਹਨ। ਪਾਰਟੀਆਂ ਨੇ ਬੀਤੇ ਦਿਨੀਂ ਸੀਟ ਵੰਡ ਬਾਰੇ ਵੀ ਆਪਣੀ ਸਹਿਮਤੀ ਬਣਾ ਲਈ ਹੈ।


ਸੂਤਰਾਂ ਮੁਤਾਬਕ ਦਿੱਲੀ ਵਿੱਚ 'ਆਪ' ਨੂੰ ਚਾਰ ਲੋਕ ਸਭਾ ਸੀਟਾਂ ਮਿਲੀਆਂ ਹਨ ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣ ਲੜੇਗੀ, ਜਿਸ ਵਿੱਚ ਨਵੀਂ ਦਿੱਲੀ, ਚਾਂਦਨੀ ਚੌਕ ਤੇ ਉੱਤਰ ਪੱਛਮੀ ਸੀਟ ਸ਼ਾਮਲ ਹਨ। 'ਆਪ' ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ, ਪੱਛਮੀ ਦਿੱਲੀ ਤੇ ਦੱਖਣ ਦਿੱਲੀ ਸੀਟ 'ਤੇ ਚੋਣ ਲੜੇਗੀ।

ਉੱਥੇ ਹੀ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ ਵੀ ਦੋਵੇਂ ਪਾਰਟੀਆਂ ਸਹਿਮਤ ਹਨ, ਜਿਸ ਵਿੱਚ 'ਆਪ' ਨੂੰ ਗੁੜਗਾਓਂ ਜਾਂ ਕਰਨਾਲ ਵਿੱਚੋਂ ਇੱਕ ਸੀਟ ਮਿਲ ਸਕਦੀ ਹੈ। ਹਰਿਆਣਾ ਵਿੱਚ 'ਆਪ' ਦੋ ਸੀਟਾਂ ਦੀ ਮੰਗ ਕਰ ਰਹੀ ਸੀ, ਪਰ ਉਸ ਨੂੰ ਇੱਕ ਹੀ ਸੀਟ ਮਿਲੀ ਹੈ। ਹਾਲਾਂਕਿ, ਇਸ ਗਠਜੋੜ ਬਾਰੇ ਹਾਲੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਉੱਧਰ, ਪੰਜਾਬ ਵਿੱਚ ਦੋਵਾਂ ਪਾਰਟੀਆਂ ਦੀਆਂ ਸੂਬਾਈ ਇਕਾਈਆਂ ਦੇ ਪੁਰਜ਼ੋਰ ਵਿਰੋਧ ਕਾਰਨ ਇੱਥੇ ਗਠਜੋੜ ਦਾ ਮਸਲਾ ਵਿਚਾਰਿਆ ਨਹੀਂ ਗਿਆ।