ਨਵੀਂ ਦਿੱਲੀ: ਅੱਜ ਨੋਟਬੰਦੀ ਦਾ 22ਵਾਂ ਦਿਨ ਹੈ। ਮਹੀਨੇ ਦਾ ਆਖਰੀ ਦਿਨ ਹੈ। ਅੱਜ ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਦਾ ਦਿਨ ਹੈ। ਖਾਤਿਆਂ 'ਚ ਸੈਲਰੀ ਆ ਜਏਗੀ। ਪਰ ਕੀ ਇਹ ਪੈਸਾ ਉਨ੍ਹਾਂ ਨੂੰ ਮਿਲੇਗਾ, ਇਹ ਵੱਡਾ ਸਵਾਲ ਹੈ। ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਸੈਲਰੀ ਲੈਣ ਲਈ ਅੱਜ ਦਾ ਦਿਨ ਉਡੀਕਣ ਵਾਲੇ ਲੋਕ ਪ੍ਰੇਸ਼ਾਨ ਹਨ ਕਿ ਆਖਰ ਆਪਣੀ ਹੀ ਤਨਖਾਹ ਲੈਣ ਲਈ ਉਨ੍ਹਾਂ ਨੂੰ ਕੀ ਕਰਨਾ ਪਏਗਾ। ਪਰ ਬਾਵਦੂਦ ਇਸਦੇ ਸਰਕਾਰ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਨਿਯਮ ਨਹੀਂ ਬਦਲੇ ਜਾਣਗੇ। ਕੋਈ ਵੀ ਵਿਅਕਤੀ ਚਾਹੇ ਉਸ ਦੇ ਖਾਤੇ 'ਚ ਸੈਲਰੀ ਹੀ ਕਿਉਂ ਨਾ ਆਈ ਹੋਵੇ, ਉਹ 24 ਹਜਾਰ ਰੁਪਏ ਪ੍ਰਤੀ ਹਫਤਾ ਤੋਂ ਜਿਆਦਾ ਨਹੀਂ ਕਢਵਾ ਸਕਦਾ। ਸਰਕਾਰ ਦਾ ਦਾਅਵਾ ਹੈ ਕਿ ਅੱਜ ਤੱਕ ਦੇਸ਼ ਦੇ 2 ਲੱਖ 'ਚੋਂ 1 ਲੱਖ 70 ਹਜਾਰ ATM ਅਪਡੇਟ ਕੀਤੇ ਜਾ ਚੁੱਕੇ ਹਨ ਤੇ ਅੱਜ 90 ਫੀਸਦੀ, ਯਾਨਿ ਕਿ 1 ਲੱਖ 80 ਹਜਾਰ ATM ਤੋਂ ਨਵਾਂ ਕੈਸ਼ ਨਿੱਕਲਣਾ ਸ਼ੁਰੂ ਹੋ ਜਾਵੇਗਾ। ਪਰ ਸਰਕਾਰ ਦੇ ਇੰਨਾਂ ਦਾਅਵਿਆਂ ਨਾਲ ਲੋਕ ਇਤੇਫਾਕ ਨਹੀਂ ਰੱਖਦੇ। ਕਿਉਂਕਿ ਜਿਹੜੇ ATM ਪਹਿਲਾਂ ਹੀ ਅਪਡੇਟ ਕੀਤੇ ਜਾ ਚੁੱਕੇ ਹਨ, ਉਹ ਵੀ ਜਿਆਦਾਤਰ ਖਾਲੀ ਹੀ ਰਹਿੰਦੇ ਹਨ। ਕਿਸੇ ਵੀ ਇਲਾਕੇ 'ਚ ਜਾਓ ਜਿਆਦਾਤਰ ATM ਦੇ ਬਾਹਰ 'ਨੋ ਕੈਸ਼' ਦੀ ਪਲੇਟ ਲੱਗੀ ਮਿਲੇਗੀ। ਜਿਹੜੇ ਇੱਕਾ-ਦੁੱਕਾ ATM 'ਚ ਪੈਸੇ ਪਹੁੰਚ ਰਹੇ ਹਨ, ਉੱਥੇ ਲੰਬੀਆਂ ਲਾਈਨਾਂ ਲੱਗੀਆਂ ਹਨ। ਅਜਿਹੇ 'ਚ ਵੱਡਾ ਸਾਵਲ ਇਹੀ ਹੈ ਕਿ ਜੇਕਰ ਸਰਕਾਰ ਨੇ 2 ਲੱਖ 'ਚੋਂ 1 ਲੱਖ 70 ਹਜਾਰ ਏਟੀਐਮ ਅਪਡੇਟ ਕਰ ਦਿੱਤੇ ਹਨ ਤਾਂ ਫਿਰ ਲੋਕ ਪ੍ਰੇਸ਼ਾਨ ਕਿਉਂ ਹਨ ? ਲੋਕਾਂ ਨੂੰ ਪੈਸੇ ਕਿਉਂ ਨਹੀਂ ਮਿਲ ਰਹੇ? ਜਦ ਏਟੀਐਮ ਕੰਮ ਕਰ ਰਹੇ ਹਨ ਤਾਂ ਫਿਰ ਏਟੀਐਮ ਦੇ ਬਾਹਰ 'ਨੋ ਕੈਸ਼' ਦੀਆਂ ਪਲੇਟਾਂ ਕਿਉਂ ਲੱਗੀਆਂ ਹਨ ? ਸਰਕਾਰ ਜੀ ਇਹ ਅਪਡੇਟ ਕੀਤੇ ATM ਕਿੱਥੇ ਲੱਗੇ ਹਨ ਜਿਹੜੇ ਜਨਤਾ ਦੀ ਪਹੁੰਚ ਤੋਂ ਬਾਹਰ ਹਨ ? ਅਜਿਹੇ 'ਚ ਸਾਫ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਸੱਚਾਈ ਤੋਂ ਲੱਖਾਂ ਕੋਹਾਂ ਦੂਰ ਹਨ। ਹਲਾਤਾਂ ਨੂੰ ਦੇਖਦਿਆਂ ਸਾਫ ਨਜਰ ਆ ਰਿਹਾ ਹੈ ਕਿ ਅੱਜ ਖਾਤੇ 'ਚ ਤਨਖਾਹ ਆਉਣ ਦੇ ਬਾਵਜੂਦ ਨੌਕਰੀਪੇਸ਼ਾ ਲੋਕਾਂ ਨੂੰ ਪੈਸਾ ਨਹੀਂ ਮਿਲੇਗਾ। ਸ਼ਾਇਦ ਅਜੇ ਹੋਰ ਕਈ ਦਿਨ ਤੁਹਾਨੂੰ ਇਹਨਾਂ ਹਲਾਤਾਂ ਦਾ ਸਾਹਮਣਾ ਕਰਨਾ ਪਏਗਾ।