ਨਵੀਂ ਦਿੱਲੀ: ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਸਬੰਧੀ ਕਾਂਗਰਸ ਦੇ ਸੀਨੀਅਰ ਲੀਡਰ ਸੈਮ ਪਿਤ੍ਰੋਦਾ ਦੇ ਬਿਆਨ ’ਤੇ ਬੀਜੇਪੀ ਖੂਬ ਸਿਆਸਤ ਖੇਡ ਰਹੀ ਹੈ। ਪੀਐਮ ਮੋਦੀ ਤੋਂ ਲੈਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਵਿੱਚ ਮੰਤਰੀ ਅਰੁਣ ਜੇਤਲੀ ਸਮੇਤ ਕਈ ਲੀਡਰਾਂ ਨੇ ਕਾਂਗਰਸ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਪੀਐਮ ਮੋਦੀ ਨੇ ਕਿਹਾ ਹੈ ਕਿ ਸੁਰੱਖਿਆ ਬਲਾਂ ’ਤੇ ਸਵਾਲ ਚੁੱਕਣਾ ਵਿਰੋਧੀ ਧਿਰ ਦੀ ਆਦਤ ਬਣ ਗਈ ਹੈ ਤੇ ਫੌਜ ’ਤੇ ਸਵਾਲ ਚੁੱਕਣਾ ਸ਼ਰਮਨਾਕ ਹੈ। ਉੱਧਰ ਜੇਤਲੀ ਨੇ ਕਿਹਾ ਕਿ ਜੇ ਗੁਰੂ ਅਜਿਹਾ ਹੈ ਤਾਂ ਚੇਲਾ ਕਿੰਨਾ ਨਿਕੰਮਾ ਨਿਕਲੇਗਾ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲੀਡਰ ਸੈਮ ਪਿਤ੍ਰੋਦਾ ਨੇ ਵੱਡਾ ਬਿਆਨ ਦਿੰਦਿਆਂ ਏਅਰ ਸਟ੍ਰਾਈਕ ਵਿੱਚ ਮਾਰੇ ਗਏ 300 ਅੱਤਵਾਦੀਆਂ ਦੇ ਮਾਰੇ ਜਾਣ ਸਬੰਧੀ ਸਰਕਾਰ ਕੋਲੋਂ ਸਬੂਤਾਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਬਾਲਾਕੋਟ ਵਿੱਚ 300 ਅੱਤਵਾਦੀ ਮਰੇ ਹਨ ਤਾਂ ਅਸੀਂ ਸਾਰੇ ਲੋਕ ਜਾਣਨਾ ਚਾਹੁੰਦੇ ਹਾਂ ਕਿ ਆਖ਼ਰ ਲਾਸ਼ਾਂ ਕਿੱਥੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਦੇਸ਼ੀ ਅਖ਼ਬਾਰ ਕਹਿੰਦਾ ਹੈ ਕਿ ਉੱਥੇ ਕੋਈ ਅੱਤਵਾਦੀ ਨਹੀਂ ਮਾਰਿਆ ਗਿਆ ਤਾਂ ਭਾਰਤ ਦਾ ਨਾਗਰਿਕ ਹੋਣ ਨਾਤੇ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੇ ਇਸ ਬਿਆਨ ’ਤੇ ਮੋਦੀ ਸਮੇਤ ਬੀਜੇਪੀ ਦੇ ਕਈ ਲੀਡਰਾਂ ਨੇ ਪਲਟਵਾਰ ਕੀਤੇ ਹਨ। ਪੀਐਮ ਮੋਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਨੀਚਾ ਦਿਖਾਉਣਾ ਕਾਂਗਰਸ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 130 ਕਰੋੜ ਜਨਤਾ ਸਵਾਲ ਪੁੱਛਣ ਵਾਲਿਆਂ ਨੂੰ ਮੁਆਫ ਨਹੀਂ ਕਰੇਗੀ। ਦੇਸ਼ ਜਵਾਨਾਂ ਦੇ ਨਾਲ ਖੜਾ ਹੈ। ਸੈਮ ਦੇ ਇਸ ਸਵਾਲ ’ਤੇ ਬੇਜੀਪੇ ਦੇ ਕੌਮੀ ਬੁਲਾਰਾ ਸੰਬਿਤ ਪਾਤਰਾ ਨੇ ਕਿਹਾ ਕਿ ਸੈਮ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਪਾਸੇ ਉਹ ਪਾਕਿਸਤਾਨ ਨੂੰ ਕਲੀਨ ਚਿਟ ਦੇ ਰਹੇ ਹਨ ਤੇ ਦੂਜੇ ਪਾਸੇ ਏਅਰ ਸਟ੍ਰਾਈਕ ਸਬੰਧੀ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਉੱਧਰ ਸ਼ੁੱਕਰਵਾਰ ਨੂੰ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੂੰ ਬੀਜੇਪੀ ਵਿੱਚ ਸ਼ਾਮਲ ਕਰਨ ਮੌਕੇ ਕਰਾਈ ਪ੍ਰੈਸ ਕਾਨਫਰੰਸ ਵਿੱਚ ਜੇਤਲੀ ਨੇ ਕਿਹਾ ਕਿ ਸੈਮ ਪਿਤ੍ਰੋਦਾ ਦੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਬਾਲਾਕੋਟ ਵਿੱਚ ਜੋ ਕੀਤਾ, ਉਹ ਗਲਤ ਸੀ, ਜਦਕਿ ਵਿਸ਼ਵ ਦੇ ਕਿਸੇ ਵੀ ਦੇਸ਼, ਇੱਥੋਂ ਤਕ ਕਿ OIC ਨੇ ਵੀ ਨਹੀਂ ਕਿਹਾ। ਸਿਰਫ ਪਾਕਿਸਤਾਨ ਨੇ ਹੀ ਇਹ ਗੱਲ ਕਹੀ ਹੈ। ਉਨ੍ਹਾਂ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਕਿਹਾ ਕਿ ਜੇ ਗੁਰੂ ਅਜਿਹਾ ਹੈ ਤਾਂ ਚੇਲਾ ਕਿੰਨਾ ਨਿਕੰਮਾ ਨਿਕਲੇਗਾ ਇਹ ਦੇਸ਼ ਨੂੰ ਅੱਜ ਭੁਗਤਣਾ ਪੈ ਰਿਹਾ ਹੈ। ਧਿਆਨ ਰਹੇ ਕਿ ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ਵੇਲੇ ਪਿਤ੍ਰੋਦਾ ਉਨ੍ਹਾਂ ਨਾਲ ਰਹਿੰਦੇ ਹਨ।