ਰਾਮਪੁਰ: ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਮਪੁਰ ਤੋਂ ਉਮੀਦਵਾਰ ਆਜ਼ਮ ਖ਼ਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਉਸ ਦਾ ਕਤਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਚੋਣ ਵਿਭਾਗ ਦੀ ਨਿਰਪੱਖਤਾ ‘ਤੇ ਵੀ ਸਵਾਲ ਚੁੱਕਿਆ ਤੇ ਵੋਟਾਂ ਦੀ ਗਿਣਤੀ ‘ਚ ਗੜਬੜੀ ਦੀ ਵੀ ਗੱਲ ਕੀਤੀ ਹੈ।

ਆਜ਼ਮ ਖ਼ਾਨ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, “ਚੋਣ ਕਮਿਸ਼ਨ ਦਾ ਵੱਸ ਨਹੀਂ ਚੱਲਦਾ ਨਹੀਂ ਤਾਂ ਉਹ ਸਿੱਧੇ ਤੌਰ ‘ਤੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾ ਦੇਣ। ਉਹ ਇੰਨੇ ਮੋਦੀਭਗਤ ਹੋ ਗਏ ਹਨ ਕਿ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹਨ, ਜੇਕਰ ਇਸ ਦੇਸ਼ ਨੂੰ ਇਨਸਾਫ ਮਿਲ ਰਿਹਾ ਹੈ ਤਾਂ ਕੋਰਟ ਕਰਕੇ।”

ਉਨ੍ਹਾਂ ਅੱਗੇ ਕਿਹਾ, “ਸਾਡਾ ਵੋਟ ਤਾਂ ਨਹੀਂ ਰੋਕਿਆ ਜਾ ਸਕਿਆ ਪਰ ਸਾਡੀ ਵੋਟਾਂ ਦੀ ਗਿਣਤੀ ਨੂੰ ਪ੍ਰਭਾਵਿਤ ਕਰਨ ਲਈ ਰਾਮਪੁਰ ਪ੍ਰਸਾਸ਼ਨ ਜੋ ਭੂਮਿਕਾ ਤਿਆਰ ਕਰ ਰਹਾ ਹੈ, ਉਸ ‘ਚ ਮੇਰੀ ਪੱਕੀ ਜਾਣਕਾਰੀ ਹੈ ਕਿ ਏਡੀਐਮ ਜਿਨ੍ਹਾਂ ਨੂੰ ਡੀਐਮ ਸਾਹਬ ਲੈ ਕੇ ਆਏ ਹਨ, ਉਨ੍ਹਾਂ ਨੇ ਪੁਲਿਸ ‘ਚ ਸ਼ਿਕਾਇਤ ਦਿੱਤੀ ਹੈ ਜਿਸ ‘ਚ ਮੈਨੂੰ ਜਾਨ ਦਾ ਖ਼ਤਰਾ ਦੱਸਿਆ ਗਿਆ ਹੈ।”

ਆਜ਼ਮ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ 77 ਹਜ਼ਾਰ ਪਰਿਵਾਰਾਂ ਨੂੰ ਵੋਟ ਪਾਉਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਅਜਿਹਾ ਮਾਹੌਲ ਬਣਾ ਦਿੱਤਾ ਕਿ ਇਲਾਕੇ ‘ਚ ਡਰ ਕਰਕੇ ਮੁਸਲਮਾਨ ਵੋਟ ਪਾਉਣ ਹੀ ਨਹੀਂ ਨਿਕਲ ਸਕਿਆ।