ਮੁੰਬਈ: ਸ਼ਿਵਸੇਨਾ ਦੇ ਸੰਸਦ ਮੈਂਬਰ ਸੰਜੇ ਰਾਓਤ ਨੇ ਇਲਜ਼ਾਮ ਲਾਇਆ ਕਿ ਮਹਾਰਾਸ਼ਟਰ 'ਚ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੂੰ ਅਸਥਿਰ ਕਰਨ ਲਈ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਈਡੀ ਨੇ ਰਾਓਤ ਦੀ ਪਤਨੀ ਨੂੰ ਇਕ ਮਾਮਲੇ 'ਚ ਤਲਬ ਕੀਤਾ ਹੈ। ਜਿਸ ਤੋਂ ਬਾਅਦ ਸੰਜੇ ਰਾਓਤ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ।


ਸੰਜੇ ਰਾਓਤ ਨੇ ਸੋਮਵਾਰ ਕਿਹਾ 'ਬੀਜੇਪੀ ਲੀਡਰਾਂ ਕੋਲ ਕਾਂਗਰਸ ਤੇ ਐਨਸੀਪੀ ਦੇ 22 ਵਿਧਾਇਕਾਂ ਦੀ ਸੂਚੀ ਹੈ, ਜਿੰਨ੍ਹਾਂ ਬਾਰੇ ਮੈਂ ਦਾਅਵਾ ਕੀਤਾ ਸੀ ਕਿ ਕੇਂਦਰੀ ਜਾਂਚ ਏਜੰਸੀਆਂ ਦੇ ਦਬਾਅ 'ਚ ਉਹ ਅਸਤੀਫਾ ਦੇ ਦੇਣਗੇ।' ਉਨ੍ਹਾਂ ਕਿਹਾ ਕਿ 'ਬੀਜੇਪੀ ਦੇ ਕੁਝ ਲੀਡਰ ਪਿਛਲੇ ਇਕ ਸਾਲ ਤੋਂ ਮੈਨੂੰ ਸੰਪਰਕ ਕਰ ਰਹੇ ਹਨ ਕਿ ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ ਅਸਥਿਰ ਕਰਨ ਦੇ ਇੰਤਜ਼ਾਮ ਕਰ ਲਏ ਹਨ। ਸਰਕਾਰ ਦਾ ਸਮਰਥਨ ਨਾ ਕਰਨ ਲਈ ਉਹ ਮੇਰੇ 'ਤੇ ਦਬਾਅ ਬਣਾ ਰਹੇ ਹਨ ਤੇ ਧਮਕਾ ਰਹੇ ਹਨ। ਉਨ੍ਹਾਂ ਕਿਹਾ, 'ਉਨ੍ਹਾਂ ਬੀਜੇਪੀ ਲੀਡਰਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਕੋਲ ਕਾਂਗਰਸ ਤੇ ਐਨਸੀਪੀ ਦੇ 22 ਵਿਧਾਇਕਾਂ ਦੀ ਸੂਚੀ ਹੈ ਜੋ ਕੇਂਦਰੀ ਜਾਂਚ ਏਜੰਸੀਆਂ ਦੇ ਦਬਾਅ 'ਚ ਅਸਤੀਫਾ ਦੇ ਦੇਣਗੇ।'


ਸੰਜੇ ਰਾਓਤ ਨੇ ਕਿਹਾ ਕਿ ਉਨ੍ਹਾਂ ਕੋਲ ਬੀਜੇਪੀ ਦੇ 120 ਲੀਡਰਾਂ ਦੀ ਸੂਚੀ ਹੈ ਜਿੰਨ੍ਹਾਂ ਖਿਲਾਫ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੇਰੀ ਪਤਨੀ ਅਧਿਆਪਕਾ ਹੈ, ਬੀਜੇਪੀ ਦੇ ਲੀਡਰਾਂ ਵਾਂਗ ਸਾਡੀ ਜਾਇਦਾਦ ਵਧਕੇ 1600 ਕਰੋੜ ਰੁਪਏ ਨਹੀਂ ਹੋ ਗਈ।'


ਈਡੀ ਵੱਲੋਂ ਉਨ੍ਹਾਂ ਦੀ ਪਤਨੀ ਨੂੰ ਤਲਬ ਕੀਤੇ ਜਾਣ ਸਬੰਧੀ ਸਵਾਲ 'ਤੇ ਰਾਓਤ ਨੇ ਇਲਜ਼ਾਮ ਲਾਇਆ ਕਿ ਸਿਆਸੀ ਵਿਰੋਧੀਆਂ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਕੇਂਦਰੀ ਏਜੰਸੀਆਂ ਦਾ ਹਥਿਆਰ ਇਸਤੇਮਾਲ ਕੀਤਾ ਜਾ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ