ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਜਾਂਦੀ-ਜਾਂਦੀ ਸਪਨਾ ਚੌਧਰੀ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਪ੍ਰਸਿੱਧ ਹਰਿਆਣਵੀ ਗਾਇਕ ਤੇ ਨ੍ਰਿਤਕੀ ਸਪਨਾ ਚੌਧਰੀ ਨੇ ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ।


ਭਾਜਪਾ ਨੇ ਇੰਨ੍ਹੀ ਦਿਨੀਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਸਪਨਾ ਚੌਧਰੀ ਦਿੱਲੀ ਵਿੱਚ ਪਾਰਟੀ ਅੰਦਰ ਸ਼ਾਮਲ ਹੋ ਗਈ ਹੈ। ਭਾਜਪਾ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਯਾਦ ਰਹੇ, ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਪਨਾ ਚੌਧਰੀ ਦੇ ਕਾਂਗਰਸ ਵਿੱਚ ਜਾਣ ਦੀਆਂ ਖ਼ਬਰਾਂ ਤੇ ਤਸਵੀਰਾਂ ਵੀ ਆਈਆਂ ਸਨ ਅਤੇ ਚਰਚੇ ਸਨ ਕਿ ਉਹ ਮਥੁਰਾ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੀ ਹੈ। ਪਰ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਸੀ ਦਿੱਤੀ ਅਤੇ ਕਲਾਕਾਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਸੀ ਤੇ ਪ੍ਰਿਅੰਕਾ ਗਾਂਧੀ ਨਾਲ ਤਸਵੀਰ ਨੂੰ ਵੀ ਪੁਰਾਣਾ ਦੱਸਿਆ ਸੀ।

ਇਸ ਤੋਂ ਬਾਅਦ ਸਪਨਾ ਦੀ ਨੇੜਤਾ ਭਾਜਪਾ ਨਾਲ ਨੇੜਤਾ ਵੱਧ ਗਈ ਸੀ ਅਤੇ ਉਹ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਦੇ ਨਾਲ ਖਾਣੇ ਦੌਰਾਨ ਅਤੇ ਭਾਜਪਾ ਲਈ ਚੋਣ ਪ੍ਰਚਾਰ ਕਰਦੀ ਵੀ ਦਿਖਾਈ ਦਿੱਤੀ ਸੀ। ਹਾਲਾਂਕਿ, ਉਸ ਨੇ ਕਿਹਾ ਸੀ ਕਿ ਉਹ ਦੋਸਤੀ ਨਾਤੇ ਮਨੋਜ ਲਈ ਪ੍ਰਚਾਰ ਕਰ ਰਹੀ ਹੈ। ਪਰ ਅੱਜ ਸਪਨਾ ਨੇ ਇਸ ਦੋਸਤੀ ਨੂੰ ਭਾਜਪਾ ਮੈਂਬਰਸ਼ਿਪ ਵਿੱਚ ਤਬਦੀਲ ਕਰ ਲਿਆ। ਹੁਣ ਹਰਿਆਣਵੀ ਸਿਤਾਰੇ ਦੇ ਚੋਣ ਲੜਨ ਬਾਰੇ ਵੀ ਕਿਆਸਅਰਾਈਆਂ ਤੇਜ਼ ਹੋ ਜਾਣਗੀਆਂ, ਪਰ ਵੱਡਾ ਸਵਾਲ ਹੋਵੇਗਾ ਕਿ ਉਹ ਕਿੱਥੋਂ ਚੋਣ ਲੜੇਗੀ।