ਜੈਪੁਰ: ਪੂਰੀ ਦੁਨੀਆ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਰਾਜਸਥਾਨ ਵਿੱਚ ਵੀ ਕੋਰੋਨਵਾਇਰਸ ਫੈਲ ਰਿਹਾ ਹੈ। ਚੀਨ ਦੇ ਵੁਹਾਨ ਤੋਂ ਫੈਲੇ ਇਸ ਮਾਰੂ ਵਾਇਰਸ ਨੂੰ ਦੁਨੀਆ ਭਰ 'ਚ ਮਹਾਮਾਰੀ ਐਲਾਨਿਆ ਗਿਆ ਹੈ ਪਰ ਭਾਰਤੀ ਲੋਕਾਂ ਲਈ ਇੱਕ ਬੇਹੱਦ ਖਾਸ ਤੇ ਖੁਸ਼ੀ ਦੀ ਗੱਲ ਹੈ। ਜੈਪੁਰ ਦੇ ਸਵਾਈ ਮਾਨ ਸਿੰਘ (ਐਸਐਮਸ) ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾਵਾਇਰਸ ਦਾ ਇਲਾਜ ਲੱਭ ਲਿਆ ਹੈ।



ਇਸ ਹਸਪਤਾਲ ਦੇ ਡਾਕਟਰਾਂ ਨੇ ਕੋਰੋਨਵਾਇਰਸ ਤੋਂ ਪੀੜਤ ਔਰਤ ਨੂੰ ਐਚਆਈਵੀ, ਸਵਾਈਨ ਫਲੂ ਤੇ ਮਲੇਰੀਆ ਦੀਆਂ ਦਵਾਈਆਂ ਦੇ ਮੇਲ ਨਾਲ ਠੀਕ ਕੀਤਾ ਹੈ। ਇਸ ਇਲਾਜ ਤੋਂ ਬਾਅਦ, ਔਰਤ ਕੋਵਿਡ-19 ਟੈਸਟ ਵਿੱਚ ਨਕਾਰਾਤਮਕ ਆਈ ਹੈ।



ਇਹ ਔਰਤ ਇੱਕ 23-ਮੈਂਬਰੀ ਇਟਾਲੀਅਨ ਸਮੂਹ ਨਾਲ ਰਾਜਸਥਾਨ ਆਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੋਰੋਨਾ ਨਾਲ ਸਕਾਰਾਤਮਕ ਸਨ। ਸਕਾਰਾਤਮਕ ਟੈਸਟ ਕਰਨ ਵਾਲਾ ਪਹਿਲਾ ਵਿਅਕਤੀ ਔਰਤ ਦਾ ਪਤੀ ਸੀ ਤੇ 3 ਮਾਰਚ ਨੂੰ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨਆਈਵੀ) ਪੂਨੇ ਨੇ ਐਲਾਨ ਕੀਤਾ ਕਿ ਉਸ ਨੂੰ ਕੋਰੋਨਾ ਹੈ ਤੇ ਅਗਲੇ ਹੀ ਦਿਨ ਉਸ ਦੀ ਪਤਨੀ ਦਾ ਵੀ ਕੋਰੋਨਾ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ।



ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਐਸਐਮਐਸ ਹਸਪਤਾਲ ਨੇ ਔਰਤ ਨੂੰ ਐਚਆਈਵੀ ਦੀਆਂ ਦਵਾਈਆਂ ਨਾਲ ਇਲਾਜ ਕੀਤਾ ਤੇ ਉਸ ਨੂੰ ਦਿਨ ਵਿੱਚ ਦੋ ਵਾਰ ਲੋਪੀਨਾਵੀਰ 200 ਮਿਲੀਗ੍ਰਾਮ/ਰੀਟੋਨਾਵੀਰ 50 ਮਿਲੀਗ੍ਰਾਮ ਦੀ ਖੁਰਾਕ ਦਿੱਤੀ।



ਉਪਰੋਕਤ ਦੱਸੀਆਂ ਗਈਆਂ ਦਵਾਈਆਂ ਦੇ ਮਿਸ਼ਰਨ ਦੇ ਨਾਲ, ਡਾਕਟਰਾਂ ਨੇ ਕੋਰੋਨਾ ਵਾਇਰਸ-ਸਕਾਰਾਤਮਕ ਮਰੀਜ਼ ਨੂੰ ਓਸੈਲਟੈਮੀਵਰ ਵੀ ਦਿੱਤਾ, ਜੋ ਸਵਾਈਨ ਫਲੂ ਦੇ ਇਲਾਜ ਲਈ ਵਰਤੀ ਜਾਂਦੀ ਇੱਕ ਦਵਾਈ ਹੈ ਤੇ ਕਲੋਰੋਕਿਨ, ਜੋ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ ਵੀ ਮਰੀਜ਼ ਨੂੰ ਦਿੱਤੀ। ਐਸਐਮਐਸ ਹਸਪਤਾਲ ਦੇ ਡਾਕਟਰਾਂ ਦੁਆਰਾ ਇਹ ਇੱਕ ਕਮਾਲ ਦੀ, ਵਿਸ਼ਾਲ ਪ੍ਰਾਪਤੀ ਹੈ ਤੇ ਹੁਣ ਔਰਤ ਦਾ 69 ਸਾਲਾ ਪਤੀ ਵੀ ਉਸੇ ਐਸਐਮਐਸ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ।