ਨਵੀਂ ਦਿੱਲੀ: ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਸਬੰਧੀ ਚੱਲ ਰਹੇ ਕੇਸ ਦੀ ਸੁਣਵਾਈ ਕਰਦਿਆਂ ਸੋਮਵਾਰ ਨੂੰ ਸੀਬੀਆਈ ਤੋਂ ਸਾਬਕਾ ਕਾਂਗਰਸ ਲੀਡਰ ਸੱਜਣ ਕੁਮਾਰ ਖਿਲਾਫ ਚੱਲ ਰਹੇ ਕੇਸ ਦੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਸੱਜਣ ਕੁਮਾਰ ਦੇ ਆਪਣੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ ਜਿਸ ਦੀ ਅਗਲੀ ਸੁਣਵਾਈ 15 ਅਪਰੈਲ ਨੂੰ ਹੋਏਗੀ।


ਸੀਬੀਆਈ ਨੇ ਅਦਾਲਤ ਵਿੱਚ ਸੱਜਣ ਕੁਮਾਰ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ 1984 ਵਿੱਚ ਹੋਏ ਸਿੱਖ ਕਤਲੇਆਮ ਦਾ ਮੁੱਖ ਸਾਜ਼ਿਸ਼ਘਾੜਾ ਸੀ। ਸੀਬੀਆਈ ਨੇ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਨਿਆਂ ਨਾਲ ਮਜ਼ਾਕ ਹੋਏਗਾ।

ਦੱਸ ਦੇਈਏ ਸੱਜਣ ਕੁਮਾਰ ਦੇ ਕੇਸ ਦੀ ਅਗਲੀ ਸੁਣਵਾਈ 15 ਅਪਰੈਲ ਨੂੰ ਹੋਣੀ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਯਾਦ ਰਹੇ ਸੱਜਣ ਕੁਮਾਰ ਨੂੰ 1 ਤੇ 2 ਨਵੰਬਰ 1984 ਨੂੰ ਦਿੱਲੀ ਦੇ ਛਾਉਣੀ ਇਲਾਕੇ ਦੇ ਰਾਜ ਨਗਰ ਭਾਗ-1 ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਤੇ ਰਾਜ ਨਗਰ ਭਾਗ-2 ਵਿੱਚ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।