ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (CJI) ਰੰਜਨ ਗੋਗੋਈ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਅਦਾਲਤ ਦੀ ਸਾਬਕਾ ਮੁਲਾਜ਼ਮ ਨੇ ਸੁਪਰੀਮ ਕੋਰਟ ਦੀ 22 ਜੱਜਾਂ ਨੂੰ ਹਲਫੀਆ ਬਿਆਨ ਭੇਜ ਕੇ ਜਸਟਿਸ ਰੰਜਨ ਗੋਗੋਈ 'ਤੇ ਇਹ ਇਲਜ਼ਾਮ ਲਾਏ ਹਨ। ਹਾਲਾਂਕਿ, ਜਸਟਿਸ ਗੋਗੋਈ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।



ਇਸ ਮਾਮਲੇ 'ਤੇ ਸੁਪਰੀਮ ਕੋਰਟ ਵਿੱਚ ਅੱਜ ਅਤਿ ਵਿਸ਼ੇਸ਼ ਸੁਣਵਾਈ ਕਰਨ ਲਈ ਤਿੰਨ ਜੱਜਾਂ ਦੀ ਬੈਂਚ ਗਠਿਤ ਕੀਤੀ, ਜਿਸ ਦੀ ਅਗਵਾਈ ਖ਼ੁਦ ਚੀਫ ਜਸਟਿਸ ਰੰਜਨ ਗੋਗੋਈ ਨੇ ਕੀਤੀ। ਬੈਂਚ ਵਿੱਚ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਸੰਜੀਵ ਖੰਨਾ ਸ਼ਾਮਲ ਹਨ। ਇਸ ਦੌਰਾਨ ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ ਜਿਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।



ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨੇ ਹੇਠਲੇ ਪੱਧਰ 'ਤੇ ਵੀ ਨਹੀਂ ਜਾ ਸਕਦਾ। ਇਸ ਸਭ ਪਿੱਛੇ ਕੋਈ ਵੱਡੀ ਤਾਕਤ ਹੈ ਜੋ ਚੀਫ਼ ਜਸਟਿਸ ਦੇ ਦਫ਼ਤਰ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਚੀਫ ਜਸਟਿਸ ਨੇ ਕਿਹਾ ਹੈ ਕਿ ਨਿਆਂਪਾਲਿਕਾ ਦੀ ਸੁਤੰਤਰਤਾ ਗੰਭੀਰ ਖ਼ਤਰੇ ਵਿੱਚ ਹੈ ਤੇ ਨਿਆਂਪਾਲਿਕਾ ਨੂੰ ਭਟਕਾਉਣ ਲਈ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਔਰਤ ਪਿੱਛੇ ਵੱਡੀ ਤਾਕਤ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਦੀ ਸੇਵਾ ਦੇ ਬਾਅਦ ਵੀ ਮੇਰੇ ਬੈਂਕ ਖਾਤੇ ਵਿੱਚ ਸਿਰਫ਼ 6,80,000 ਰੁਪਏ ਹਨ। ਕੋਈ ਵੀ ਉਨ੍ਹਾਂ ਦਾ ਖ਼ਾਤਾ ਚੈੱਕ ਕਰ ਸਕਦਾ ਹੈ।