ਨੋਟਬੰਦੀ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ
ਏਬੀਪੀ ਸਾਂਝਾ | 11 Nov 2016 01:40 PM (IST)
ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਨੋਟਬੰਦੀ ਬਾਰੇ ਫੈਸਲਾ ਕਾਨੂੰਨੀ ਦਾਅ ਪੇਚ ਵਿੱਚ ਉਲਝ ਗਿਆ ਹੈ। ਇੱਕ ਹਜ਼ਾਰ ਤੇ ਪੰਜ ਸੌ ਰੁਪਏ ਦੇ ਪੁਰਾਣੇ ਨੋਟਾਂ ਨੂੰ ਮੁੜ ਚਾਲੂ ਕਰਵਾਉਣ ਤੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਵਾਲੀਆਂ ਦੋ ਪਟੀਸ਼ਨਾਂ ਉੱਤੇ ਸੁਪਰੀਮ ਕੋਰਟ ਵਿੱਚ 15 ਨਵੰਬਰ ਨੂੰ ਸੁਣਵਾਈ ਹੋਵੇਗੀ। ਨਾਗਰਿਕਾਂ ਦੇ ਜੀਵਨ ਤੇ ਵਪਾਰ ਸਮੇਤ ਹੋਰ ਅਧਿਕਾਰਾਂ ਦੀ ਉਲੰਘਣਾ ਦੇ ਆਧਾਰ ਉੱਤੇ ਇਹ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਕੇਂਦਰ ਵੱਲੋਂ ਜਾਅਲੀ ਕਰੰਸੀ ਤੇ ਕਾਲੇ ਧਨ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਲਏ ਗਏ ਫ਼ੈਸਲੇ ਖ਼ਿਲਾਫ਼ ਦੋ ਵਕੀਲਾਂ ਵੱਲੋਂ ਵਿਅਕਤੀਗਤ ਰੂਪ ਵਿੱਚ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਪਟੀਸ਼ਨ ਦਾਖਲ ਕਰਨ ਵਾਲੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਸਰਕਾਰ ਦੇ ਫ਼ੈਸਲੇ ਨਾਲ ਦੇਸ਼ ਵਿੱਚ ਉਥੱਲ-ਪੁੱਥਲ ਮੱਚ ਗਈ ਹੈ। ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਅਦਾਲਤ ਨੇ 15 ਨਵੰਬਰ ਨੂੰ ਇਨ੍ਹਾਂ ਦੋਵਾਂ ਪਟੀਸ਼ਨਾਂ ਉੱਤੇ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।