ਮੁੰਬਈ: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਨਾਲ ਭਰੀ ਇੱਕ ਲਾਵਾਰਸ ਸਕੌਰਪੀਓ ਦੀ ਜਾਂਚ ਜਾਰੀ ਹੈ। ਅੰਬਾਨੀ ਦੀ ਰਿਹਾਇਸ਼ਗਾਹ ‘ਐਂਟੀਲੀਆ’ ਨੇੜੇ ਕਾਰਮੀਕਲ ਰੋਡ ਉੱਤੇ ਖੜ੍ਹੀ ਇਸ ਕਾਰ ’ਚੋਂ ਜਿਲੇਟਿਨ ਦੀਆਂ 21 ਛੜਾਂ ਬਰਾਮਦ ਹੋਈਆਂ ਹਨ; ਜੋ ਇਸ ਕਾਰ ਦੇ ਪਰਖੱਚੇ ਉਡਾ ਦੇਣ ਲਈ ਕਾਫ਼ੀ ਸਨ।


ਇਸੇ ਕਾਰ ਵਿੱਚ ਇੱਕ ਬੈਗ ਮਿਲਿਆ ਹੈ, ਜਿਸ ਉੱਤੇ ‘ਮੁੰਬਈ ਇੰਡੀਅਨਜ਼’ ਲਿਖਿਆ ਹੋਇਆ ਹੈ; ਉਸੇ ਵਿੱਚ ਟੁੱਟੀ–ਫੁੱਟੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਚਿੱਠੀ ਮਿਲੀ ਹੈ; ਜਿਸ ਵਿੱਚ ਲਿਖਿਆ ਹੈ: ‘ਨੀਤਾ ਭਾਬੀ ਤੇ ਮੁਕੇਸ਼ ਭਾਅ ਦੇ ਫ਼ੈਮਿਲੀ ਦੀ ਇਹ ਇੱਕ ਝਲਕ ਹੈ। ਅਗਲੀ ਵਾਰ ਇਹ ਸਾਮਾਨ ਪੂਰਾ ਹੋ ਕੇ ਆਵੇਗਾ। ਪੂਰੀ ਫ਼ੈਮਿਲੀ ਨੂੰ ਉਡਾਉਣ ਦਾ ਇੰਤਜ਼ਾਮ ਹੋ ਗਿਆ ਹੈ। ਸੰਭਲ ਜਾਈਂ।’


ਪੁਲਿਸ ਸੂਤਰਾਂ ਮੁਤਾਬਕ ਇਸ ਮਾਮਲੇ ’ਚ ਹੁਣ ਤੱਕ 9 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ’ਚੋਂ ਦੋ ਜਣਿਆਂ ਤੋਂ ਕੁਝ ਵਧੇਰੇ ਪੁੱਛਗਿੱਛ ਕੀਤੀ ਗਈ ਹੈ। ਇਹ ਸਾਰੇ ਲੋਕ ਗਵਾਹ ਹੀ ਹਨ। ਮੁੰਬਈ ਦੇ ਗਾਮਦੇਵੀ ਪੁਲਿਸ ਥਾਣੇ ’ਚ ਅਣਜਾਣ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।


ਸਕੌਰਪੀਓ ਦੀ ਨੰਬਰ ਪਲੇਟ ਜਾਅਲੀ ਹੈ ਤੇ ਇਹੋ ਨੰਬਰ ਅਸਲ ’ਚ ਮੁਕੇਸ਼ ਅੰਬਾਨੀ ਦੇ ਸੁਰੱਖਿਆ ਅਮਲੇ ਦੀ ਇੱਕ SUV ਦਾ ਨੰਬਰ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰ ਕੇ ਦੱਸਿਆ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਜਾਂਚ ਦੇ ਨਤੀਜੇ ਸਾਹਮਣੇ ਆ ਜਾਣਗੇ। ਹੁਣ ਪੁਲਿਸ ਸਕੌਰਪੀਓ ਦੇ ਮਾਲਕ ਦਾ ਪਤਾ ਲਾ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਛਾਣੀ ਜਾ ਰਹੀ ਹੈ।