ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਐਤਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਚੱਲ ਰਹੀ ਹੜਤਾਲ ਦੇ ਵਿਚਕਾਰ ਸ਼ਾਹੀਨ ਬਾਗ ਵਿੱਚ ਧਾਰਾ 144 ਲਾ ਦਿੱਤੀ ਹੈ। ਹਿੰਦੂ ਸੈਨਾ ਦੇ ਕਾਰਕੁਨਾਂ ਨੇ ਇੱਥੇ ਮਾਰਚ ਕੱਢਣ ਦੀ ਗੱਲ ਕਹੀ ਹੈ। ਜੁਆਇੰਟ ਕਮਿਸ਼ਨਰ ਡੀਸੀ ਸ੍ਰੀਵਾਸਤਵ ਨੇ ਕਿਹਾ ਕਿ ਪੁਲਿਸ ਨੇ ਜਗ੍ਹਾ-ਜਗ੍ਹਾ ਬੈਨਰ ਲਾ ਕੇ ਲੋਕਾਂ ਦੇ ਇਕੱਠ ਕਰਨ ਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਲਾਈ ਹੈ। ਦੂਜੇ ਪਾਸੇ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ ਸਮੇਤ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਪੁਲਿਸ ਫੋਰਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

ਹਿੰਦੂ ਸੈਨਾ ਦੇ ਪ੍ਰਦਰਸ਼ਨ ਕਾਰਨ ਪੁਲਿਸ ਚੌਕਸ
ਸ਼ਨੀਵਾਰ ਨੂੰ, ਹਿੰਦੂ ਸੈਨਾ ਨੇ ਮਾਰਚ ਕੱਢ ਕਿ ਦਿੱਲੀ ਹਿੰਸਾ ਦਾ ਵਿਰੋਧ ਕੀਤਾ। ਇਸ ਵਿੱਚ ਭਾਜਪਾ ਨੇਤਾ ਕਪਿਲ ਮਿਸ਼ਰਾ ਵੀ ਸ਼ਾਮਲ ਸਨ। ਅਜਿਹੀ ਸਥਿਤੀ ਵਿੱਚ ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸ਼ਾਹੀਨ ਬਾਗ ਵਿੱਚ ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ।



ਇਸ ਦੇ ਨਾਲ ਹੀ, ਦਿੱਲੀ ਵਿੱਚ ਸਭ ਕੁਝ ਆਮ ਹੁੰਦਾ ਜਾ ਰਿਹਾ ਹੈ। ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਹਨ। ਨੌਕਰੀਪੇਸ਼ਾ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਹੁਣ ਕੰਮ ਤੇ ਜਾ ਰਹੇ ਹਨ। ਐਤਵਾਰ ਸਵੇਰੇ ਵੀ ਬਾਜ਼ਾਰਾਂ ਵਿੱਚ ਹਲਚਲ ਦੇਖਣ ਨੂੰ ਮਿਲੀ।



ਹੁਣ ਤੱਕ ਦਿੱਲੀ ਹਿੰਸਾ ਵਿੱਚ 230 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ 870 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਸੋਸ਼ਲ ਮੀਡੀਆ 'ਤੇ ਭੜਕਾਉ ਪੋਸਟਾਂ ਲਈ 13 ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਪੁਲਿਸ ਅਨੁਸਾਰ ਜਾਂਚ ਜਾਰੀ ਹੈ ਅਤੇ ਇਹ ਗਿਣਤੀ ਵਧ ਸਕਦੀ ਹੈ। ਪੁਲਿਸ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ 'ਤੇ ਨਜ਼ਰ ਰੱਖ ਰਹੀ ਹੈ। ਹਥਿਆਰਾਂ ਦੀ ਵਰਤੋਂ ਲਈ ਵੀ 36 ਮਾਮਲੇ ਸਾਹਮਣੇ ਆਏ ਹਨ।